ਵਾਸ਼ਿੰਗਟਨ, 22 ਮਈ
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਮੁਖੀ ਕ੍ਰਿਸਟਲੀਨਾ ਜੌਰਜੀਵਾ ਨੇ ਕਿਹਾ ਕਿ ਸਰਕਾਰਾਂ ਨੂੰ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਵਾਸਤੇ ਖੁਰਾਕ ਤੇ ਊਰਜਾ ਕੀਮਤਾਂ ਲਈ ਮਾਲੀ ਸਹਾਇਤਾ (ਸਬਸਿਡੀ) ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦੀ ਢੁੱਕਵੀਂ ਹਮਾਇਤ ਤੋਂ ਬਿਨਾਂ ਸ੍ਰੀਲੰਕਾ ਵਿੱਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨਾਂ ਦੇ ਰੂਪ ਵਿੱਚ ਫੁੱਟਿਆ ਗੁੱਸਾ, ਹੋੋਰਨਾਂ ਮੁਲਕਾਂ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਬੀਬੀਸੀ ਨਾਲ ਗੱਲਬਾਤ ਕਰਦਿਆਂ ਜੌਰਜੀਵਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ‘ਅਸਮਾਨਤਾ ਦੀ ਭਾਵਨਾ ਕਰਕੇ’ ਫਰਾਂਸ ਤੋਂ ਚਿਲੀ ਤੱਕ ਅਜਿਹੀ ਹੀ ਬੇਚੈਨੀ ਵੇਖਣ ਨੂੰ ਮਿਲੀ ਸੀ ਅਤੇ ਲੋਕਾਂ ਨੂੰ ਭਰੋਸੇ ’ਚ ਲਏ ਬਿਨਾਂ ਫੈਸਲੇ ਲਏ ਗਏ। ਉਨ੍ਹਾਂ ਕਿਹਾ ਕਿ ਤਰਜੀਹੀ ਤੌਰ ’ਤੇ ਲੋਕਾਂ ਨੂੰ ਸਿੱਧੀ ਮਾਲੀ ਮਦਦ ਦਿੱਤੀ ਜਾਵੇ। -ਆਈਏਐੱਨਐੱਸ