ਪਿਸ਼ਾਵਰ, 16 ਮਈ
ਇਸਲਾਮਿਕ ਸਟੇਟ ਵੱਲੋਂ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਕੀਤੇ ਜਾਣ ਦੇ ਰੋਸ ਵਜੋਂ ਉੱਤਰ-ਪੱਛਮੀ ਪਾਕਿਸਤਾਨੀ ਦੇ ਗੜਬੜੀ ਵਾਲੇ ਸੂਬੇ ਖੈਬਰ ਪਖਤੂਨਖਵਾ ਦੇ ਲੋਕਾਂ ਨੇ ਅੱਜ ਰੋਸ ਮੁਜ਼ਾਹਰਾ ਕੀਤਾ ਜਿਸ ’ਚ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਸਥਾਨਕ ਵਾਸੀਆਂ ਨੇ ਵੀ ਸਾਥ ਦਿੱਤਾ ਅਤੇ ਦੇਸ਼ ’ਚ ਘੱਟ ਗਿਣਤੀਆਂ ਲਈ ਸੁਰੱਖਿਆ ਦੀ ਮੰਗ ਕੀਤੀ।
ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ’ਚ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ’ਤੇ ਕੀਤੇ ਗਏ ਹਮਲੇ ਦੌਰਾਨ ਦੋ ਸਿੱਖ ਕਾਰੋਬਾਰੀਆਂ ਕੰਵਲਜੀਤ ਸਿੰਘ (42) ਅਤੇ ਰਣਜੀਤ ਸਿੰਘ (38) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸਲਾਮਿਕ ਸਟੇਟ ਦੀ ਖੁਰਾਸਾਨ ਇਕਾਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਅੱਜ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਨਾਲ ਸਥਾਨਕ ਲੋਕਾਂ ਨੇ ਵੀ ਵਿਧਾਨ ਸਭਾ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਤੇ ਮੁਸਲਿਮ ਬਹੁਗਿਣਤੀ ਮੁਲਕ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਸ਼ਹਿਰ ਵਿਚਲਾ ਮੁੱਖ ਜੀਟੀ ਰੋਡ ਜਾਮ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ’ਚ ਹੱਤਿਆ ਤੇ ਅਤਿਵਾਦ ਦਾ ਕੇਸ ਦਰਜ ਕੀਤਾ ਹੈ। ਪਿਸ਼ਾਵਰ ਪੁਲੀਸ ਦੇ ਮੁਖੀ ਇਜਾਜ਼ ਖਾਨ ਨੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਪੁਲੀਸ ਮੁਖੀ ਨੇ ਕਿਹਾ ਕਿ ਕਾਤਲ ਬਾਰਾ ਇਲਾਕੇ ਵੱਲ ਭੱਜ ਗਏ ਹਨ ਜਿੱਥੇ ਅਤਿਵਾਦੀਆਂ ਖ਼ਿਲਾਫ਼ ਪੁਲੀਸ ਦੀ ਮੁਹਿੰਮ ਜਾਰੀ ਹੈ। ਸੋਸ਼ਲ ਮੀਡੀਆ ’ਤੇ ਵੀ ਲੋਕਾਂ ਨੇ ਘਟਨਾ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਹੈ। -ਪੀਟੀਆਈ