ਨਵੀਂ ਦਿੱਲੀ, 14 ਦਸੰਬਰ
ਭਾਰਤ ਦੇ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਨੂੰ ਭਾਰਤੀ ਸਫ਼ੀਰਾਂ ਦੇ ਸਮੂਹ ਨੇ ‘ਬੇਲੋੜਾ, ਜ਼ਮੀਨੀ ਸੱਚਾਈਆਂ ਤੋਂ ਦੂਰ ਅਤੇ ਕੇਵਲ ਬਲਦੀ ਵਿੱਚ ਘਿਓ ਪਾਉਣ ਦੇ ਬਰਾਬਰ’ ਕਰਾਰ ਦਿੱਤਾ ਹੈ। ਇਨ੍ਹਾਂ ਸਫ਼ੀਰਾਂ ਨੇ ਅੱਜ ਦਾਅਵਾ ਕੀਤਾ ਕਿ ਕੈਨੇਡਾ ਦੇ ਸਮਰਥਨ ਨਾਲ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੁਖ਼ ਹੋਰ ਸਖ਼ਤ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਕੁਝ ਸਿਆਸੀ ਪਾਰਟੀਆਂ ਅਤੇ ਆਗੂਆਂ ਵਲੋਂ ‘ਵੋਟ ਬੈਂਕ ਰਾਜਨੀਤੀ’ ਕਰਨ ਕਰਕੇ ਕੀਤੇ ਪ੍ਰਚਾਰ ਨਾਲ ‘‘ਦੁਵੱਲੇ ਸਿਆਸੀ ਸਮੀਕਰਨਾਂ ਵਿਚਾਲੇ ਤਣਾਅ ਵਧਿਆ ਹੈ।’’ ਉਨ੍ਹਾਂ ਕਿਹਾ ਕਿ ਇਸ ਤੋਂ ਸਭ ਭਲੀਭਾਂਤ ਜਾਣੂ ਹਨ ਕਿ ਵੱਖਵਾਦੀਆਂ ਅਤੇ ਹਿੰਸਕ ਖ਼ਾਲਿਸਤਾਨੀ ਤੱਤਾਂ ਵਲੋਂ ਕੈਨੇਡਾ ਦੀ ਸੁਰੱਖਿਅਤ ਧਰਤੀ ਤੋਂ ਭਾਰਤ-ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ‘ਭਾਰਤੀ ਸਫ਼ੀਰਾਂ ਦੇ ਸਮੂਹ’, ਜਿਸ ਵਿੱਚ ਸਾਬਕਾ ਸਫ਼ੀਰ ਵਿਸ਼ਨੂੰ ਪ੍ਰਕਾਸ਼, ਅਜੇ ਸਵਰੂਪ, ਜੀ.ਐੱਸ. ਅਈਅਰ ਅਤੇ ਐੱਸ.ਕੇ. ਮਾਥੁਰ ਸ਼ਾਮਲ ਹਨ, ਵਲੋਂ ਲਿਖੇ ਖੁੱਲ੍ਹੇ ਪੱਤਰ ਵਿੱਚ ਟਰੂਡੋ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਗਿਆ ਕਿ ਲਬਿਰਲ ਪਾਰਟੀ ਦੇ ਵੋਟਰ ਆਧਾਰ ਦੇ ਕੁਝ ਹਿੱਸੇ ਨੂੰ ਖ਼ੁਸ਼ ਕਰਨ ਲਈ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਕੀਤੀ ਸਿੱਧੀ ਦਖ਼ਲਅੰਦਾਜ਼ੀ ਪੂਰੀ ਤਰ੍ਹਾਂ ਨਾਲ ਨਾ-ਮਨਜ਼ੂਰ ਹੈ ਅਤੇ ਲੰਬੇ ਸਮੇਂ ਵਿੱਚ ਇਸ ਦਾ ਪ੍ਰਛਾਵਾਂ ਦੁਵੱਲੇ ਸਬੰਧਾਂ ’ਤੇ ਪਵੇਗਾ। ਖ਼ਾਲਿਸਤਾਨ-ਪੱਖੀ ਤੱਤਾਂ ਦੀਆਂ ਗਤੀਵਿਧੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਵਲੋਂ ਕੈਨੇਡਾ ਦੀ ਜਵਾਨੀ ਨੂੰ ਵੀ ਕੱਟੜ ਬਣਾਇਆ ਜਾ ਰਿਹਾ ਹੈ, ਜਿਸ ਦੇ ਲੰਬੇ ਸਮੇਂ ਵਿੱਚ ਗੰਭੀਰ ਸਿੱਟੇ ਨਿਕਲਣਗੇ ਅਤੇ ਇਸ ਨੂੰ ਥੋੜ੍ਹੇ ਸਮੇਂ ਦੀ ਸਿਆਸੀ ਕਾਹਲ ਵਿੱਚ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਦੇ ਪਿੱਛੇ ਖ਼ਾਲਿਸਤਾਨੀਆਂ ਅਤੇ ਪਾਕਿਸਤਾਨੀਆਂ ਦੇ ਕੂਟਨੀਤਕ ਅਹੁਦਿਆਂ ਵਿਚਾਲੇ ਸਹਿਯੋਗ ਵੀ ਚੱਲ ਰਿਹਾ ਹੈ। -ਪੀਟੀਆਈ