ਕਾਹਿਰਾ, 26 ਅਕਤੂਬਰ
ਸੂਡਾਨ ਦੀ ਰਾਜਧਾਨੀ ’ਚ ਲੋਕਤੰਤਰ ਹਮਾਇਤੀ ਪ੍ਰਦਰਸ਼ਨਕਾਰੀਆਂ ਨੇ ਆਰਜ਼ੀ ਬੈਰੀਕੇਡਿੰਗ ਕਰਕੇ ਤੇ ਟਾਇਰ ਫੂਕ ਕੇ ਅੱਜ ਕੁਝ ਸੜਕਾਂ ’ਤੇ ਆਵਾਜਾਈ ਰੋਕ ਦਿੱਤੀ ਹੈ। ਦੇਸ਼ ’ਚ ਰਾਜ ਪਲਟੇ ਤੋਂ ਇੱਕ ਦਿਨ ਬਾਅਦ ਮੁਜ਼ਾਹਰਾਕਾਰੀਆਂ ਨੇ ਇਹ ਕਾਰਵਾਈ ਕੀਤੀ ਹੈ। ਫੌਜ ਵੱਲੋਂ ਕੀਤੇ ਗਏ ਰਾਜ ਪਲਟੇ ਦੀ ਕੌਮਾਂਤਰੀ ਭਾਈਚਾਰੇ ਵੱਲੋਂ ਆਲੋਚਨਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਬੀਤੇ ਦਿਨ ਫੌਜ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਰਾਜਧਾਨੀ ਖਰਤੂਮ ਦੇ ਬਾਹਰ ਫੌਜੀ ਕੈਂਪ ’ਚ ਰੱਖਿਆ ਗਿਆ ਹੈ। ਫੌਜੀ ਕਬਜ਼ੇ ਨੇ ਸੂਡਾਨ ’ਚ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਜਮਹੂਰੀਕਰਨ ਦੀ ਪ੍ਰਕਿਰਿਆ ਨੂੰ ਲੀਹੋਂ ਲਾਹ ਦੇਣ ਦਾ ਖਤਰਾ ਪੈਦਾ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਵੀ ਸੂਡਾਨ ਦੇ ਹਾਲਾਤ ’ਤੇ ਚਰਚਾ ਕੀਤੀ ਜਾਵੇਗੀ। ਉੱਧਰ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਨੇ ਸੂਡਾਨ ’ਚ ਰਾਜ ਪਲਟੇ ਦੀ ਨਿੰਦਾ ਕੀਤੀ ਅਤੇ ਪ੍ਰਧਾਨ ਮੰਤਰੀ ਅਬਦੁੱਲ੍ਹਾ ਹਮਦੋਕ ਤੇ ਹੋਰ ਅਧਿਕਾਰੀਆਂ ਨੂੰ ਰਿਹਾਅ ਕਰਨ ਦਾ ਸੱਦਾ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਸੂਡਾਨ ਨੂੰ 70 ਕਰੋੜ ਡਾਲਕ ਦੀ ਹੰਗਾਮੀ ਮਦਦ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਗ਼ੈਰ-ਫੌਜੀ ਸ਼ਾਸਨ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸ਼ਨਿਚਰਵਾਰ ਨੂੰ ਸਮੂਹਿਕ ਰੋਸ ਮਾਰਚ ਦਾ ਸੱਦਾ ਦਿੱਤਾ ਹੈ।
ਸਾਬਕਾ ਤਾਨਾਸ਼ਾਹ ਸ਼ਾਸਕ ਉਮਰ ਅਲ-ਬਸ਼ੀਰ ਨੂੰ ਸੱਤਾ ਤੋਂ ਹਟਾਏ ਜਾਣ ਮਗਰੋਂ ਜਮਹੂਰੀ ਸਰਕਾਰ ਬਣਾਉਣ ਦੀਆਂ ਜਾਰੀ ਕੋਸ਼ਿਸ਼ਾਂ ਵਿਚਾਲੇ ਬੀਤੇ ਦਿਨ ਫੌਜ ਨੇ ਰਾਜ ਪਲਟਾ ਕਰ ਕੇ ਕੰਟਰੋਲ ਆਪਣੇ ਹੱਥ ’ਚ ਲੈ ਲਿਆ ਸੀ। ਇਸ ਖ਼ਿਲਾਫ਼ ਸੂਡਾਨ ਦੇ ਲੋਕਾਂ ਨੇ ਕਈ ਸ਼ਹਿਰਾਂ ’ਚ ਰੋਸ ਮੁਜ਼ਾਹਰੇ ਕੀਤੇ ਸਨ। ਸੂਡਾਨ ਡਾਕਟਰਜ਼ ਕਮੇਟੀ ਅਨੁਸਾਰ ਖਰਤੂਮ ’ਚ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਘੱਟੋ ਘੱਟ ਚਾਰ ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ ਜਦਕਿ 80 ਤੋਂ ਵੱਧ ਜ਼ਖ਼ਮੀ ਹੋਏ ਹਨ। ਖਰਤੂਮ ਤੇ ਓਮਦੁਰਮਨ ’ਚ ਅੱਜ ਸਵੇਰੇ ਵੀ ਕੁਝ ਮੁਜ਼ਾਹਰਾਕਾਰੀ ਸੜਕ ’ਤੇ ਡਟੇ ਰਹੇ। ਕਈ ਸੜਕਾਂ ’ਤੇ ਬੈਰੀਕੇਡਿੰਗ ਕੀਤੀ ਗਈ ਤੇ ਟਾਇਰ ਸਾੜ ਕੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਫੌਜ ਤੇ ਹੋਰ ਸੁਰੱਖਿਆ ਦਸਤੇ ਰਾਤ ਭਰ ਮੁਜ਼ਾਹਰਾਕਾਰੀਆਂ ਨੂੰ ਖਦੇੜਦੇ ਰਹੇ। -ਏਪੀ