ਪੱਤਰ ਪ੍ਰੇਰਕ
ਬ੍ਰਿਸਬਨ, 14 ਸਤੰਬਰ
ਇੱਥੇ ਮਾਝਾ ਯੂਥ ਕਲੱਬ ਬ੍ਰਿਸਬਨ ਦੀ ਅਗਵਾਈ ਹੇਠ ਭਾਰਤੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਪਿਛਲੇ ਦਿਨੀਂ ਕਿਸਾਨਾਂ ’ਤੇ ਹੋਏ ਅੱਤਿਆਚਾਰ ਦੀ ਨਿਖੇਧੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕੌਮਾਂਤਰੀ ਕਾਰਪੋਰੇਟ ਘਰਾਣਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਕਰਨਾਲ ’ਚ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਮਗਰੋਂ ਹਰਿਆਣਾ ਸਰਕਾਰ ਅਤੇ ਕਿਸਾਨਾਂ ਵਿਚਾਲੇ ਕੁਝ ਸ਼ਰਤਾਂ ’ਤੇ ਸਹਿਮਤੀ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਇਸ ਘਟਨਾ ’ਤੇ ਮੁਆਫ਼ੀ ਮੰਗੇ ਤੇ ਜ਼ਿੰਮੇਵਾਰ ਅਫ਼ਸਰ ਨੂੰ ਤੁਰੰਤ ਜੇਲ੍ਹ ਭੇਜਿਆ ਜਾਵੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਖੇਤੀ ਕਾਨੂੰਨ ਤੁੁਰੰਤ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨੀ ਦੇ ਨਾਲ ਨਾਲ ਬਾਕੀ ਵਰਗਾਂ ਲਈ ਵੀ ਮਾਰੂ ਸਿੱਧ ਹੋਣਗੇ।
ਇਸ ਮੌਕੇ ਬਲਰਾਜ ਸਿੰਘ ਸੰਧੂ, ਰਣਜੀਤ ਗਿੱਲ, ਮਨ ਖਹਿਰਾ, ਅਤਿੰਦਰਪਾਲ, ਜੱਗਾ ਵੜੈਚ ਅਤੇ ਹਰਮਨਦੀਪ ਗਿੱਲ ਆਦਿ ਹਾਜ਼ਰ ਸਨ।