ਲੰਡਨ, 26 ਮਈ
ਬਰਤਾਨੀਆ ਦੇ ਰਾਜਕੁਮਾਰ ਚਾਰਲਸ ਨੇ ਅੱਜ ਕੋਵੈਂਟਰੀ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਜੋ ਕਿ ਭਾਰਤ ਵਿਚ ਕੋਵਿਡ ਸੰਕਟ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ। ਇਨ੍ਹਾਂ ਵੱਲੋਂ ਇਸ ਮੰਤਵ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਚਾਰਲਸ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਚਾਰਲਸ ਜੋ ਕਿ ਬ੍ਰਿਟਿਸ਼ ਏਸ਼ੀਅਨ ਟਰੱਸਟ ਦੇ ਸਰਪ੍ਰਸਤ ਵੀ ਹਨ, ਨੇ ਕੇਂਦਰੀ ਇੰਗਲੈਂਡ ਦੇ ਇਸ ਸ਼ਹਿਰ ਵਿਚ ਕਈ ਸਮਾਗਮਾਂ ਵਿਚ ਹਿੱਸਾ ਲਿਆ। 72 ਸਾਲਾ ਚਾਰਲਸ ਨੇ ਕਿਹਾ ਅਜਿਹਾ ਜਾਪਦਾ ਹੈ ਕਿ ਯੂਕੇ ਵਿਚ ਭਾਈਚਾਰੇ ਦੇ ਹਰ ਇਕ ਮੈਂਬਰ ਦੀ ਜਾਣ-ਪਛਾਣ ਵਾਲਾ ਕੋਈ ਨਾ ਕੋਈ ਮਹਾਮਾਰੀ ਕਾਰਨ ਸੰਕਟ ਵਿਚ ਘਿਰਿਆ ਹੈ। ਪਿਛਲੇ ਮਹੀਨੇ ‘ਪ੍ਰਿੰਸ ਆਫ਼ ਵੇਲਸ’ ਨੇ ਬ੍ਰਿਟਿਸ਼ ਏਸ਼ੀਅਨ ਟਰੱਸਟ ਵੱਲੋਂ ਭਾਰਤ ਲਈ ਆਕਸੀਜਨ ਇਕੱਠੀ ਕਰ ਕੇ ਭੇਜਣ ਦੀ ਅਪੀਲ ਵੀ ਕੀਤੀ ਸੀ। ਹੁਣ ਤੱਕ 40 ਲੱਖ ਪਾਊਂਡ ਇਕੱਤਰ ਹੋ ਚੁੱਕੇ ਹਨ ਤੇ ਵੱਡੀ ਗਿਣਤੀ ਲੋਕਾਂ ਦੀ ਆਕਸੀਜਨ ਕੰਸਨਟਰੇਟਰ ਭੇਜ ਕੇ ਮਦਦ ਕੀਤੀ ਗਈ ਹੈ। ਰਾਜਕੁਮਾਰ ਚਾਰਲਸ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਕੀਤੀ ਗਈ ਮਦਦ ਬੇਹੱਦ ਮਹੱਤਵਪੂਰਨ ਹੈ। ਅਜੇ ਹੋਰ ਵੀ ਕਈ ਕੁਝ ਕਰਨ ਦੀ ਲੋੜ ਹੈ। -ਪੀਟੀਆਈ