ਕਾਠਮੰਡੂ, 10 ਜਨਵਰੀ
ਨੇਪਾਲ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਅੱਜ ਨੇਪਾਲੀ ਸੰਸਦ ਵਿੱਚ ਭਰੋਸੇ ਦੀ ਵੋਟ ਜਿੱਤ ਲਈ ਹੈ। ਇਸ ਤੋਂ ਪਹਿਲਾਂ ਪ੍ਰਚੰਡ ਨੇ ਕਿਹਾ ਕਿ ਉਹ ਆਮ ਸਹਿਮਤੀ, ਸਹਿਯੋਗ ਤੇ ਆਪਸੀ ਵਿਸ਼ਵਾਸ ਦੀ ਸਿਆਸਤ ਨਾਲ ਅੱਗੇ ਵਧਣਾ ਚਾਹੁੰਦੇ ਹਨ। ਸੀਪੀਐੱਨ-ਮਾਓਵਾਦੀ ਕੇਂਦਰ ਦੇ 68 ਸਾਲਾ ਆਗੂ ਨੇ ਬੀਤੀ 26 ਦਸੰਬਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਸੰਸਦ ਵਿੱਚ ਵੋਟਿੰਗ ਦੌਰਾਨ 270 ਵਿੱਚੋਂ 268 ਮੈਂਬਰਾਂ ਨੇ ਪ੍ਰਧਾਨ ਮੰਤਰੀ ਪ੍ਰਚੰਡ ਦੇ ਹੱਕ ਵਿੱਚ, ਜਦੋਂਕਿ ਦੋ ਨੇ ਵਿਰੋਧ ਵਿੱਚ ਵੋਟ ਪਾਈ। ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਪਸ਼ੂਪਤੀ ਸ਼ਮਸ਼ੇਰ ਜੇ ਬੀ ਰਾਣਾ ਇਸ ਕਾਰਵਾਈ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਪ੍ਰਧਾਨ ਮੰਤਰੀ ਪ੍ਰਚੰਡ ਦੇ ਹੱਕ ਵਿੱਚ ਭਰੋਸੇ ਦੀ ਵੋਟ ਦੀ ਤਜਵੀਜ਼ ਪਾਸ ਹੋ ਗਈ ਹੈ। ਰਾਣਾ ਨੇ ਇਸ ਦੌਰਾਨ ਵੋਟ ਨਹੀਂ ਪਾਈ, ਜਦੋਂਕਿ ਚਾਰ ਹੋਰ ਕਾਨੂੰਨਘਾੜੇ ਗ਼ੈਰਹਾਜ਼ਰ ਰਹੇ। ਪ੍ਰਚੰਡ ਨੂੰ ਭਰੋਸੇ ਦੀ ਵੋਟ ਲਈ 275 ਮੈਂਬਰੀ ਸੰਸਦ ‘ਚ ਸਿਰਫ਼ 138 ਵੋਟਾਂ ਦੀ ਲੋੜ ਸੀ।
ਪੀਪਲਜ਼ ਫਰੰਟ ਨੇਪਾਲ (ਪੀਐੱਫਐੱਨ) ਅਤੇ ਨੇਪਾਲ ਵਰਕਰਜ਼ ਅਤੇ ਪੀਜ਼ੈਂਟਸ ਪਾਰਟੀ (ਐੱਨਡਬਲਿਊਪੀਪੀ) ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਪ੍ਰਚੰਡ ਦੇ ਸਮਰਥਨ ਵਿੱਚ ਵੋਟ ਦਿੱਤੀ। ਇਨ੍ਹਾਂ ਦੋਵਾਂ ਪਾਰਟੀਆਂ ਦਾ ਇੱਕ-ਇੱਕ ਸੰਸਦ ਮੈਂਬਰ ਹੈ।
ਇਸ ਤੋਂ ਪਹਿਲਾਂ ਨਵ-ਨਿਯੁਕਤ ਪ੍ਰਧਾਨ ਮੰਤਰੀ ਪ੍ਰਚੰਡ ਨੇ ਪ੍ਰਤੀਨਿਧੀ ਸਭਾ ਵਿੱਚ ਵਿਸ਼ਵਾਸ ਮੱਤ ਦੀ ਮੰਗ ਕਰਦਿਆਂ ਕਿਹਾ ਕਿ ਉਹ ਨਕਾਰਾਤਮਕ, ਨਿਰਾਦਰ ਅਤੇ ਬਦਲੇ ਦੀ ਸਿਆਸਤ ਦੀ ਬਜਾਏ ਆਮ ਸਹਿਮਤੀ, ਸਹਿਯੋਗ ਅਤੇ ਆਪਸੀ ਵਿਸ਼ਵਾਸ ਦੀ ਰਾਜਨੀਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਪ੍ਰਚੰਡ ਦੀ ਨਿਯੁਕਤੀ ਮਗਰੋਂ ਨੇਪਾਲ ਦਾ ਪਹਿਲਾ ਸੰਸਦ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ। ਇਸ ਦੌਰਾਨ 89 ਸੀਟਾਂ ਵਾਲੀ ਸੰਸਦ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਨੇਪਾਲੀ ਕਾਂਗਰਸ ਨੇ ਹੈਰਾਨੀਜਨਕ ਕਦਮ ਚੁੱਕਦਿਆਂ ਪ੍ਰਚੰਡ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ। -ਪੀਟੀਆਈ