ਸੁਰਿੰਦਰ ਮਾਵੀ
ਵਿਨੀਪੈਗ, 3 ਸਤੰਬਰ
ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵੱਲੋਂ ਲੈਜਿਸਲੈਟਿਵ ਇਮਾਰਤ ਦੇ ਪਾਰਕ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਬਾਅਦ ਦੁਪਹਿਰ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਦਾ ਸੱਦਾ ਦਿੱਤਾ। ਮੇਜਰ ਸਿੰਘ ਖ਼ਾਲਸਾ ਸੁਲਤਾਨਪੁਰ ਲੋਧੀ ਵਾਲਿਆਂ ਦੇ ਜਥੇ ਨੇ ਢਾਡੀ ਵਾਰਾਂ ਗਾਈਆਂ। ਨੀਲੀਆਂ ਅਤੇ ਕੇਸਰੀ ਪੱਗਾਂ ਅਤੇ ਚੁੰਨੀਆਂ ਕਾਰਨ ਵਿਨੀਪੈਗ ਸ਼ਹਿਰ ਖਾਲਸਈ ਰੰਗ ਵਿੱਚ ਰੰਗਿਆ ਦਿਖਾਈ ਦੇ ਰਿਹਾ ਸੀ। ਮੈਨੀਟੋਬਾ ਦੇ ਵੱਖ ਵੱਖ ਗਤਕਾ ਅਖਾੜਿਆਂ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਗਤਕੇ ਦੇ ਜੌਹਰ ਦਿਖਾਏ। ਇਸ ਮੌਕੇ ਖ਼ਾਲਸਾ ਏਡ ਦੇ ਵਾਲੰਟੀਅਰਾਂ ਨੇ ਪਾਕਿਸਤਾਨ ਦੇ ਹੜ੍ਹ ਪੀੜਤ ਲੋਕਾਂ ਲਈ ਫੰਡ ਵੀ ਇਕੱਠਾ ਕੀਤਾ। ਨਗਰ ਕੀਰਤਨ ਦੇ ਰਾਹ ਵਿੱਚ ਸੰਗਤ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਵਿੱਚ ਗੈਰ-ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਿੱਖ ਸੁਸਾਇਟੀ ਆਫ ਮੈਨੀਟੋਬਾ ਗੁਰਦੁਆਰਾ ਦੇ ਪ੍ਰਧਾਨ ਨੇ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।