ਵੈਟੀਕਨ ਸਿਟੀ, 15 ਮਈ
18ਵੀਂ ਸਦੀ ਵਿੱਚ ਈਸਾਈ ਧਰਮ ਅਪਣਾਉਣ ਵਾਲੇ ਦੇਵਸਹਾਯਮ ਪਿੱਲੈ ਨੂੰ ਵੈਟੀਕਨ ਵਿੱਚ ਅੱਜ ਹੋਏ ਸਮਾਗਮ ਦੌਰਾਨ ਪੋਪ ਫਰਾਂਸਿਸ ਨੇ ਸੰਤ ਐਲਾਨ ਦਿੱਤਾ। ਇਸ ਨਾਲ ਅਜਿਹਾ ਦਰਜਾ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਆਮ ਭਾਰਤੀ ਬਣ ਗਏ।
ਦੇਵਸਹਾਯਮ ਨੂੰ ਸੰਤ ਐਲਾਨੇ ਜਾਣ ਦਾ ਅਮਲ ਸ਼ੁੁਰੂ ਕਰਨ ਦੀ ਸਿਫਾਰਸ਼ 2004 ’ਚ ਕੋਟਾਰ ਡਾਇਓਸਿਸ, ਤਾਮਿਲ ਨਾਡੂ ਬਿਸ਼ਪ ਕੌਂਸਲ ਅਤੇ ਕਾਨਫਰੰਸ ਆਫ਼ ਕੈਥੋਲਿਕ ਬਿਸ਼ਪਸ ਆਫ਼ ਇੰਡੀਆ ਦੀ ਅਪੀਲ ’ਤੇ ਕੀਤੀ ਗਈ ਸੀ। ਦੇਵਸਹਾਯਮ ਦੇ ਚਮਤਕਾਰੀ ਪਰਉਪਕਾਰੀ ਕੰਮਾਂ ਨੂੰ ਪੋਪ ਫਰਾਂਸਿਸ ਨੇ 2014 ’ਚ ਮਾਨਤਾ ਦਿੱਤੀ ਸੀ। ਇਸ ਨਾਲ 2022 ’ਚ ਉਨ੍ਹਾਂ ਨੂੰ ਸੰਤ ਐਲਾਨੇ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ। ਵੈਟੀਕਨ ’ਚ ਬੀਤੇ ਦੋ ਸਾਲਾਂ ’ਚ ਪਹਿਲੀ ਵਾਰ ਸੰਤ ਦੀ ਉਪਾਧੀ ਦੇਣ ਲਈ ਸਮਾਗਮ ਕੀਤਾ ਗਿਆ। ਪੋਪ ਫਰਾਂਸਿਸ ਪਿਛਲੇ ਕੁਝ ਮਹੀਨਿਆਂ ਤੋਂ ਸੱਜੇ ਗੋਡੇ ’ਚ ਦਰਦ ਦੀ ਸ਼ਿਕਾਇਤ ਕਰ ਰਹੇ ਹਨ। ਉਹ ਵ੍ਹੀਲਚੇਅਰ ’ਤੇ ਬੈਠ ਕੇ ਸਮਾਗਮ ’ਚ ਹਾਜ਼ਰ ਹੋਏ। ਦੇਵਸਹਾਯਮ ਤੋਂ ਇਲਾਵਾ 9 ਹੋਰ ਵਿਅਕਤੀਆਂ ਨੂੰ ਵੀ ਸੰਤ ਦੀ ਉਪਾਧੀ ਨਾਲ ਸਨਮਾਨਿਆ ਗਿਆ ਹੈ ਜਿਨ੍ਹਾਂ ’ਚ ਚਾਰ ਮਹਿਲਾਵਾਂ ਸ਼ਾਮਲ ਹਨ। ਸਮਾਗਮ ਦੌਰਾਨ ਪੋਪ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਧਾਰਮਿਕ ਸਿੱਖਿਆ ਅਤੇ ਭਰਾਵਾਂ-ਭੈਣਾਂ ਦੀ ਸੇਵਾ ਕਰਨਾ ਹੈ। ‘ਸਾਡਾ ਕੰਮ ਕਿਸੇ ਇਨਾਮ ਦੀ ਉਮੀਦ ਕੀਤੇ ਬਿਨਾਂ ਖੁਦ ਨੂੰ ਸਮਰਪਿਤ ਕਰਨਾ ਹੈ।’ ਸਮਾਗਮ ਦੌਰਾਨ ਜਦੋਂ ਦੇਵਸਹਾਯਮ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਉਥੇ ਤਿਰੰਗਾ ਲੈ ਕੇ ਮੌਜੂਦ ਭਾਰਤੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪਿੱਲੈ ਪਹਿਲੇ ਆਮ ਭਾਰਤੀ ਨਾਗਰਿਕ ਬਣ ਗਏ ਹਨ ਜਿਨ੍ਹਾਂ ਨੂੰ ਮਰਨ ਉਪਰੰਤ ਸੰਤ ਐਲਾਨਿਆ ਗਿਆ ਹੈ। ਉਨ੍ਹਾਂ 1745 ਵਿੱਚ ਈਸਾਈ ਧਰਮ ਅਪਣਾਉਣ ਤੋਂ ਬਾਅਦ ਆਪਣਾ ਨਾਮ ‘ਲੇਜ਼ਾਰਸ’ ਰੱਖ ਲਿਆ ਸੀ। ਉਨ੍ਹਾਂ ਦਾ ਜਨਮ 23 ਅਪਰੈਲ, 1712 ’ਚ ਇਕ ਹਿੰਦੂ ਨਾਇਰ ਪਰਿਵਾਰ ’ਚ ਹੋਇਆ ਸੀ ਅਤੇ ਉਨ੍ਹਾਂ ਦਾ ਨਾਮ ਨੀਲਕਾਂਤ ਪਿੱਲੈ ਸੀ। ਉਹ ਕੰਨਿਆਕੁਮਾਰੀ ਦੇ ਨਟਾਲਮ ਦੇ ਰਹਿਣ ਵਾਲੇ ਸਨ। -ਪੀਟੀਆਈ