ਢਾਕਾ, 6 ਜੂਨ
ਦੱਖਣ-ਪੂਰਬੀ ਬੰਗਲਾਦੇਸ਼ ਦੇ ਇੱਕ ਨਿੱਜੀ ਰਸਾਇਣ ਕੰਟੇਨਰ ਡਿੱਪੂ ਵਿੱਚ ਬੀਤੇ ਦਿਨ ਲੱਗੀ ਅੱਗ ਕਾਰਨ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਲਈ ਪੁਲੀਸ ਨੇ ਡੀਐੱਨਏ ਦੇ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਹਾਦਸੇ ’ਚ ਘੱਟੋ-ਘੱਟ 49 ਵਿਅਕਤੀਆਂ ਦੀ ਮੌਤ ਹੋ ਗਈ ਅਤੇ 450 ਜਣੇ ਜ਼ਖ਼ਮੀ ਹਨ। ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਤਿੰਨ ਅੱਗ ਬੁਝਾਊ ਮੁਲਾਜ਼ਮ ਵੀ ਲਾਪਤਾ ਦੱਸੇ ਜਾ ਰਹੇ ਹਨ। ‘ਢਾਕਾ ਟ੍ਰਿਬਿਊਨ’ ਅਨੁਸਾਰ ਚਿਟਾਗਾਂਗ ਦੇ ਅਪਰਾਧਿਕ ਜਾਂਚ ਵਿਭਾਗ ਦੇ ਏਐੱਸਪੀ ਜਹਾਂਗੀਰ ਆਲਮ ਦੀ ਅਗਵਾਈ ਵਾਲੀ ਇੱਕ ਫੋਰੈਂਸਿਕ ਟੀਮ ਨੇ ਹਾਦਸੇ ਦੇ ਪੀੜਤਾਂ ਦੇ ਡੀਐੱਨਏ ਸੈਂਪਲ ਮਿਲਾਉਣ ਲਈ ਅੱਜ ਚਿਟਾਗਾਂਗ ਮੈਡੀਕਲ ਕਾਲਜ ਹਸਪਤਾਲ (ਸੀਐੱਮਸੀਐੱਜ) ਦੇ ਸਾਹਮਣੇ ਇੱਕ ਬੂਥ ਲਾਇਆ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਮਾਤਾ-ਪਿਤਾ, ਭੈਣ-ਭਰਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਡੀਐੱਨਏ ਦੇ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। -ਪੀਟੀਆਈ