ਨਿਊਯਾਰਕ, 30 ਜੁਲਾਈ
ਇੱਥੇ ਟਾਈਮਜ਼ ਸਕੁਏਅਰ ਦੇ ਵੱਡੇ ਬਿੱਲਬੋਰਡਾਂ ’ਤੇ ਪੰਜ ਅਗਸਤ ਨੂੰ ਭਗਵਾਨ ਰਾਮ ਅਤੇ ਅਯੁੱਧਿਆ ਦੇ ਰਾਮ ਮੰਦਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਿਖਾਈਆਂ ਜਾਣਗੀਆਂ। ਇਹ ਤਸਵੀਰਾਂ ਅਯੁੱਧਿਆ ਵਿੱਚ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਸਬੰਧੀ ਸਮਾਗਮ ਦੇ ਜਸ਼ਨਾਂ ਵਜੋਂ ਦਿਖਾਈਆਂ ਜਾਣਗੀਆਂ।
ਹਿੰਦੂ ਭਾਈਚਾਰੇ ਦੇ ਆਗੂ ਅਤੇ ਅਮਰੀਕੀ-ਭਾਰਤੀ ਜਨਤਕ ਮਾਮਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿਓਹਾਨੀ ਨੇ ਦੱਸਿਆ ਕਿ 5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੀ ਊਸਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੀਂਹ ਪੱਥਰ ਰੱਖੇ ਜਾਣ ਦੇ ਇਤਿਹਾਸਿਕ ਪਲਾਂ ਨੂੰ ਮਨਾਊਣ ਲਈ ਨਿਊਯਾਰਕ ਵਿੱਚ ਪ੍ਰਬੰਧ ਕੀਤੇ ਗਏ ਹਨ। ਊਨ੍ਹਾਂ ਦੱਸਿਆ ਕਿ ਡਿਸਪਲੇਅ ਲਈ ਟਾਈਮਜ਼ ਸਕੁਏਅਰ ਦੇ ਮੁੱਖ ਬਿੱਲਬੋਰਡਾਂ ਵਿੱਚ ਸ਼ਾਮਲ ਵੱਡੀ ਨਾਸਦਕ ਸਕਰੀਨ ਅਤੇ 17 ਹਜ਼ਾਰ ਸਕੁਏਅਰ ਫੁੱਟ ਦੀ ਐੱਲਈਡੀ ਸਕਰੀਨ ਨੂੰ ਕਿਰਾਏ ’ਤੇ ਲਿਆ ਗਿਆ ਹੈ। ਊਨ੍ਹਾਂ ਦੱਸਿਆ ਕਿ ਸਕਰੀਨਾਂ ’ਤੇ ਸਵੇਰੇ ਅੱਠ ਵਜੇ ਤੋਂ ਰਾਤ 10 ਵਜੇ ਤੱਕ ਅੰਗਰੇਜ਼ੀ ਅਤੇ ਹਿੰਦੀ ਵਿੱਚ ਲਿਖੇ ਸ਼ਬਦ ‘ਜੈ ਸ੍ਰੀ ਰਾਮ’, ਭਗਵਾਨ ਰਾਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਮੰਦਰ ਦੇ ਡਿਜ਼ਾਈਨ ਦੀਆਂ 3ਡੀ ਤਸਵੀਰਾਂ ਅਤੇ ਮੋਦੀ ਵਲੋਂ ਨੀਂਹ ਪੱਥਰ ਰੱਖੇ ਜਾਣ ਦੀਆਂ ਤਸਵੀਰਾਂ ਨਜ਼ਰ ਆਊਣਗੀਆਂ। ਊਨ੍ਹਾਂ ਕਿਹਾ ਕਿ ਪੰਜ ਅਗਸਤ ਨੂੰ ਟਾਈਮਜ਼ ਸਕੁਏਅਰ ’ਤੇ ਭਾਰਤੀ ਭਾਈਚਾਰੇ ਦੇ ਲੋਕ ਇੱਕਠੇ ਹੋ ਕੇ ਜ਼ਸ਼ਨ ਮਨਾਊਣਗੇ ਅਤੇ ਮਠਿਆਈਆਂ ਵੰਡੀਆਂ ਜਾਣਗੀਆਂ।