ਨਿਊਯਾਰਕ, 6 ਅਗਸਤ
ਨਿਊਯਾਰਕ ਸ਼ਹਿਰ ਦੇ ਟਾਈਮਜ਼ ਸਕੁਏਅਰ ਵਿੱਚ ਬੁੱਧਵਾਰ ਨੂੰ ਵੱਡੇ ਬਿੱਲਬੋਰਡਾਂ ’ਤੇ ਭਗਵਾਨ ਰਾਮ ਅਤੇ ਅਯੁੱਧਿਆ ਵਿੱਚ ਬਣਨ ਵਾਲੇ ਰਾਮ ਮੰਦਰ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ ਵਿੱਚ ਕੀਤੇ ‘ਭੂਮੀ ਪੂਜਨ’ ਦਾ ਜਸ਼ਨ ਮਨਾਊਣ ਲਈ ਇੱਥੇ ਟਾਈਮਜ਼ ਸਕੁਏਅਰ ਵਿੱਚ ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਮੈਂਬਰ ਇਕੱਤਰ ਹੋਏ।
ਬਿੱਲਬੋਰਡ ਦੀ ਵੱਡੀ ਐੱਲਈਡੀ ਸਕਰੀਨ ’ਤੇ ਭਗਵਾਨ ਰਾਮ, ਅਯੁੱਧਿਆ ਮੰਦਰ ਅਤੇ ਭਾਰਤੀ ਤਿਰੰਗਾ ਨਜ਼ਰ ਆਇਆ। ਪ੍ਰਬੰਧਕਾਂ ਵਲੋਂ ਭਾਵੇਂ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਤਸਵੀਰਾਂ ਦਿਖਾਏ ਜਾਣ ਦੀ ਯੋਜਨਾ ਬਣਾਈ ਗਈ ਸੀ ਪ੍ਰੰਤੂ ਭਗਵਾਨ ਰਾਮ ਦੀ ਤਸਵੀਰ ਕਰੀਬ ਚਾਰ ਘੰਟਿਆਂ ਲਈ ਦੁਪਹਿਰ ਇੱਕ ਵਜੇ ਤੱਕ ਹੀ ਦਿਖਾਈ ਗਈ। ਪ੍ਰਬੰਧਕਾਂ ਨੇ ਵੈੱਬਸਾਈਟ ਰਾਮਸੈਲੀਬ੍ਰੇਸ਼ਨ.ਓਆਰਜੀ ’ਤੇ ਲਿਖਿਆ, ‘‘ਗਰਮਖਿਆਲੀ ਸਮੂਹ ਸਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਸਕਦੇ ਹਨ ਪਰ ਸਾਨੂੰ ਚੁੱਪ ਨਹੀਂ ਕਰਵਾ ਸਕਦੇ। ਚਲੋ ਅੱਜ ਰਾਤ 7:30 ਵਜੇ ਟਾਈਮਜ਼ ਸਕੁਏਅਰ ਵਿੱਚ ਦੀਵੇ ਜਗਾ ਕੇ ਸਾਡੇ ਰਾਮ ਜੀ ਦੇ ਜਸ਼ਨ ਮਨਾਈਏ।’’ ਅਮਰੀਕੀ-ਭਾਰਤੀ ਲੋਕ ਮਾਮਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਅਤੇ ਸਮਾਗਮ ਦੇ ਪ੍ਰਬੰਧਕ ਜਗਦੀਸ਼ ਸੇਵਹਾਨੀ ਨੇ ਦੱਸਿਆ ਕਿ ਅਯੁੱਧਿਆ ਦੇ ‘ਭੂਮੀ ਪੂਜਨ’ ਦਾ ਜਸ਼ਨ ਮਨਾਊਣ ਲਈ ਵੱਡੀ ਗਿਣਤੀ ਭਾਰਤੀ ਭਾਈਚਾਰਾ ਟਾਈਮਜ਼ ਸਕੁਏਅਰ ਵਿੱਚ ਰਵਾਇਤੀ ਪੁਸ਼ਾਕਾਂ ਪਹਿਨ ਕੇ ਇਕੱਤਰ ਹੋਇਆ ਅਤੇ ‘ਜੈ ਸ੍ਰੀ ਰਾਮ’ ਦਾ ਜਾਪ ਕਰਦਿਆਂ ਝੰਡੇ ਤੇ ਬੈਨਰ ਲਹਿਰਾਏ।
ਸੂਤਰਾਂ ਅਨੁਸਾਰ ਬਿੱਲਬੋਰਡ ਚਲਾਊਣ ਵਾਲੀ ਕੰਪਨੀ ਨੇ ਕਾਨੂੰਨੀ ਅੜਚਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਊਹ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ ਚਲਾ ਸਕਦੇ। ਸੂਤਰਾਂ ਨੇ ਇਹ ਵੀ ਕਿਹਾ ਕਿ ਇਹ ਤਸਵੀਰ ਸਿਆਸੀ ਨਹੀਂ ਸੀ। ਊਨ੍ਹਾਂ ਕਿਹਾ ਕਿ ਭਾਵੇਂ ਟਾਈਮਜ਼ ਸਕੁਏਅਰ ਵਿੱਚ ਪੂਰੇ ਦਿਨ ਦੀ ਬਜਾਏ ਭਗਵਾਨ ਰਾਮ ਦੀ ਤਸਵੀਰ ਕੇਵਲ ਚਾਰ ਘੰਟਿਆਂ ਲਈ ਪ੍ਰਦਰਸ਼ਿਤ ਕੀਤੀ ਗਈ ਪ੍ਰੰਤੂ ਫਿਰ ਵੀ ਇਹ ਆਪਣੇ-ਆਪ ਵਿੱਚ ਇਤਿਹਾਸਿਕ ਅਤੇ ਬੇਮਿਸਾਲ ਸੀ।
ਇਸੇ ਦੌਰਾਨ ਕੁਝ ਸੰਗਠਨਾਂ ਕੋਲੀਸ਼ਨ ਅਗੇਂਸਟ ਫਾਸਿਜ਼ਮ ਇਨ ਇੰਡੀਆ, ਹਿੰਦੂਜ਼ ਫਾਰ ਹਿਊਮਨ ਰਾਈਟਸ ਅਤੇ ਇੰਡੀਅਨ-ਅਮਰੀਕਨ ਮੁਸਲਿਮ ਕੌਂਸਲ ਨੇ ਬਿੱਲਬੋਰਡਾਂ ’ਤੇ ਭਗਵਾਨ ਰਾਮ ਅਦੇ ਮੰਦਰ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੇ ਜਾਣ ਦਾ ਵਿਰੋਧ ਕੀਤਾ। ਕੋਲੀਸ਼ਨ ਅਗੇਂਸਟ ਫਾਸਿਜ਼ਮ ਇਨ ਇੰਡੀਆ ਨੇ ਜਸ਼ਨਾਂ ਦੌਰਾਨ ਟਾਈਮਜ਼ ਸਕੁਏਅਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ। -ਪੀਟੀਆਈ
ਰਾਮ ਮੰਦਰ ਦੇ ਨੀਂਹ ਪੱਥਰ ਮੌਕੇ ਅਮਰੀਕਾ ’ਚ ਪ੍ਰਦਰਸ਼ਨ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ੍ਰੀ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਮੌਕੇ ਅਮਰੀਕਾ ਵਿੱਚ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਅਮਰੀਕਾ ਵਿੱਚ ਸਿੱਖ ਜਥੇਬੰਦੀਆਂ ’ਤੇ ਆਧਾਰਿਤ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਨਿਊਯਾਰਕ ਟਾਈਮਜ਼ ਸਕੇਅਰ ਵਿੱਚ ਇਕ ਪਾਸੇ ਹਿੰਦੂ ਭਾਈਚਾਰੇ ਵੱਲੋਂ ਰਾਮ ਮੰਦਰ ਨਿਰਮਾਣ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਗਏ ਹਨ ਅਤੇ ਨੇੜੇ ਹੀ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਨੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਰੋਸ ਪ੍ਰਦਰਸ਼ਨ ਸ਼ਾਮ 6 ਤੋਂ 9 ਵਜੇ ਤੱਕ ਚੱਲਿਆ ਅਤੇ ਇਸ ਮੌਕੇ ਦੋਵਾਂ ਭਾਈਚਾਰਿਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਪੈਂਫਲੈਂਟ ਵੰਡੇ ਗਏ ਅਤੇ ਖਾਲਿਸਤਾਨ ਤੇ ਆਜ਼ਾਦ ਕਸ਼ਮੀਰ ਦੇ ਝੰਡੇ ਵੀ ਝੁਲਾਏ ਗਏ। ਬੁਲਾਰਿਆਂ ਨੇ ਭਾਰਤ ਸਰਕਾਰ ਦੀ ਕਰੜੀ ਨਿੰਦਾ ਕੀਤੀ। ਉਨ੍ਹਾਂ ਆਖਿਆ ਕਿ ਪੰਜ ਅਗਸਤ ਨੂੰ ਪਿਛਲੇ ਵਰ੍ਹੇ ਧਾਰਾ 370 ਤੋੜ ਕੇ ਕਸ਼ਮੀਰ ਨੂੰ ਜੇਲ੍ਹ ਬਣਾਇਆ ਗਿਆ ਸੀ।