ਕੋਲੰਬੋ, 26 ਜੂਨ
ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਮੁੜ ਵਾਧਾ ਕੀਤਾ ਗਿਆ ਹੈ। ਸ੍ਰੀਲੰਕਾ ’ਚ ਪੈਟਰੋਲ ਦੀ ਕੀਮਤ 50 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ। ਗੁਆਂਢੀ ਮੁਲਕ ’ਚ ਪਿਛਲੇ ਦੋ ਮਹੀਨੇ ਅੰਦਰ ਤੀਜੀ ਵਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ ਸ੍ਰੀਲੰਕਾ ਦੇ ਸੀਨੀਅਰ ਮੰਤਰੀ ਨੇ ਕਿਹਾ ਕਿ ਉਹ ਰੂਸ ਤੋਂ ਪੈਟਰੋਲੀਅਮ ਪਦਾਰਥ ਖਰੀਦਣ ਬਾਰੇ ਵਿਚਾਰ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਨਤਕ ਖੇਤਰ ਦੀ ਕੰਪਨੀ ਸਿਲੋਨ ਪੈਟਰੋਲੀਅਮ ਕਾਰਪੋਰੇਸ਼ਨ (ਸੀਪੀਸੀ) ਨੇ ਐਲਾਨ ਕੀਤਾ ਕਿ ਤੇਲ ਕੀਮਤਾਂ ’ਚ ਕੀਤਾ ਗਿਆ ਵਾਧਾ ਅੱਜ ਰਾਤ ਦੋ ਵਜੇ ਤੋਂ ਲਾਗੂ ਹੋ ਗਿਆ ਹੈ। ਲੰਕਾ ਆਈਓਸੀ ਵੱਲੋਂ ਵੀ ਇਸੇ ਅਨੁਪਾਤ ’ਚ ਕੀਮਤਾਂ ਵਧਾਈਆਂ ਗਈਆਂ ਹਨ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਕੀਤੇ ਗਏ ਇਸ ਵਾਧੇ ਤੋਂ ਬਾਅਦ ਹੁਣ ਸ੍ਰੀਲੰਕਾ ’ਚ ਪੈਟਰੋਲ ਦੀ ਕੀਮਤ 470 ਸ੍ਰੀਲੰਕਾਈ ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 460 ਸ੍ਰੀਲੰਕਾਈ ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਸ੍ਰੀਲੰਕਾ ਦੇ ਊਰਜਾ ਤੇ ਬਿਜਲੀ ਮੰਤਰੀ ਕੰਚਨਾ ਵਿਜੈਸ਼ੇਖਰਾ ਨੇ ਕਿਹਾ ਕਿ ਸਰਕਾਰ ਰੂਸ ਤੋਂ ਤੇਲ ਖਰੀਦਣ ਬਾਰੇ ਵਿਚਾਰ ਕਰ ਰਹੀ ਹੈ। -ਪੀਟੀਆਈ