ਵਾਸ਼ਿੰਗਟਨ: ਪੈਂਟਾਗਨ ਨੇ ਕਿਹਾ ਹੈ ਕਿ ਚੀਨ ਵੱਲੋਂ ਆਪਣੀ ਪਰਮਾਣੂ ਤਾਕਤ ਤੇਜ਼ੀ ਨਾਲ ਵਧਾਈ ਜਾ ਰਹੀ ਹੈ। ਉਨ੍ਹਾਂ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਜਿੰਨਾ ਸੋਚਿਆ ਸੀ ਉਸ ਤੋਂ ਵੀ ਤੇਜ਼ੀ ਨਾਲ ਚੀਨ ਪਰਮਾਣੂ ਤਾਕਤ ਵਧਾਉਣ ’ਚ ਜੁਟਿਆ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਪਰਮਾਣੂ ਹਥਿਆਰਾਂ ਦੀ ਗਿਣਤੀ ਛੇ ਸਾਲਾਂ ਦੇ ਅੰਦਰ ਵੱਧ ਕੇ 700 ਹੋ ਸਕਦੀ ਹੈ ਅਤੇ 2030 ਤੱਕ ਇਹ ਇਕ ਹਜ਼ਾਰ ਤੱਕ ਪਹੁੰਚ ਸਕਦੀ ਹੈ। ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਚੀਨ ਕੋਲ ਇਸ ਸਮੇਂ ਕਿੰਨੇ ਹਥਿਆਰ ਹਨ ਪਰ ਸਾਲ ਪਹਿਲਾਂ ਪੈਂਟਾਗਨ ਨੇ ਕਿਹਾ ਸੀ ਕਿ ਉਸ ਕੋਲ 200 ਤੋਂ ਘੱਟ ਪਰਮਾਣੂ ਹਥਿਆਰ ਹਨ ਅਤੇ ਇਸ ਦਹਾਕੇ ਦੇ ਅਖੀਰ ਤੱਕ ਇਹ ਦੁਗਣੇ ਹੋ ਸਕਦੇ ਹਨ। ਅਮਰੀਕਾ ਕੋਲ 3750 ਪਰਮਾਣੂ ਹਥਿਆਰ ਹਨ ਅਤੇ ਉਸ ਦੀ ਇਹ ਗਿਣਤੀ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। 2003 ਤੱਕ ਅਮਰੀਕਾ ਕੋਲ ਕਰੀਬ 10 ਹਜ਼ਾਰ ਹਥਿਆਰ ਸਨ। -ਏਪੀ