ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 30 ਦਸੰਬਰ
ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕੁਝ ਜਥੇਬਦੀਆਂ ਦੇ ਸੱਦੇ ’ਤੇ ਵੈਨਕੂਵਰ ਸਥਿਤ ਭਾਰਤੀ ਸਫ਼ਾਰਤਖਾਨੇ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਇਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੇ ਨਾਲ ਜਿਣਸਾਂ ਦੇ ਵਾਜਬਿ ਭਾਅ ਦੇਣ ਦੀ ਗਾਰੰਟੀ ਦਿੱਤੀ ਜਾਵੇ। ਇਸ ਰੋਸ ਪ੍ਰਦਰਸ਼ਨ ਦਾ ਸੱਦਾ ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ ਤੇ ਈਸਟ ਇੰਡੀਆ ਡਿਫੈਂਸ ਕਮੇਟੀ ਵੱਲੋਂ ਦਿੱਤਾ ਗਿਆ ਸੀ। ਇਸ ਪ੍ਰਦਰਸ਼ਨ ਵਿੱਚ ਲੋਕਾਂ ਨੇ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਨਾਅਰੇ ਲਿਖੀਆਂ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ।
ਇਸ ਦੌਰਾਨ ਸੰਬੋਧਨ ਕਰਦਿਆਂ ਅਵਤਾਰ ਸਿੰਘ ਗਿੱਲ, ਇਕਬਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਦੇਸ਼ਾਂ ਦੀਆਂ ਸਰਕਾਰਾਂ ਤਾਂ ਉਥੋਂ ਦੇ ਲੋਕਾਂ ਦੇ ਵਿਕਾਸ ਤੇ ਖੁਸ਼ਹਾਲੀ ਲਈ ਯੋਜਨਾਵਾਂ ਉਲੀਕਦੀਆਂ ਹਨ, ਪਰ ਭਾਰਤ ਸਰਕਾਰ ਕਿਸਾਨਾਂ ਨੂੰ ਭੁੱਖਮਰੀ ਵੱਲ ਧੱਕਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਹੋਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਕੈਲਗਰੀ ਦੇ ਪੰਜਾਬੀ ਸਟੋਰਾਂ ਵੱਲੋਂ ਪਤੰਜਲੀ ਦਾ ਬਾਈਕਾਟ
ਕੈਲਗਰੀ (ਸੁਖਵੀਰ ਗਰੇਵਾਲ): ਨਵੀਂ ਦਿੱਲੀ ਵਿੱਚ ਕਿਸਾਨ ਮੋਰਚੇ ’ਤੇ ਡਟੇ ਕਿਸਾਨਾਂ ਦੇ ਹੱਕ ਵਿੱਚ ਇੱਥੇ ਪੰਜਾਬੀ ਸਟੋਰ ਮਾਲਕਾਂ ਵੱਲੋਂ ਬਾਬਾ ਰਾਮਦੇਵ, ਅੰਬਾਨੀ ਤੇ ਅੰਡਾਨੀ ਦੀਆਂ ਕੰਪਨੀਆਂ ਦਾ ਸਾਮਾਨ ਵੇਚਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ। ਕੈਲਗਰੀ ਤੋਂ ‘ਸਾਂਝਾ ਪੰਜਾਬ’ ਗਰੌਸਰੀ ਸਟੋਰ ਦੇ ਜਗਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਿਸਾਨ ਦੇ ਪੁੱਤ ਹਨ ਤੇ ਹਮੇਸ਼ਾ ਕਿਸਾਨ ਦੇ ਨਾਲ਼ ਹੀ ਖੜ੍ਹਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਟੋਰਾਂ ਤੋਂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦਾ ਸਾਮਾਨ ਨਹੀਂ ਵੇਚਿਆ ਜਾਵੇਗਾ। ਇਸੇ ਤਰ੍ਹਾਂ ਕੈਲਗਰੀ ਦੇ ਡੀਸੀ ਗਰੌਸਰੀ ਸਟੋਰ (ਮਾਰਟਿਨਡੇਲ) ਦੇ ਮਾਲਕ ਚਰਨਜੀਤ ਸਿੰਘ ਢਾਂਡਾ ਨੇ ਵੀ ਅੰਬਾਨੀ, ਅਡਾਨੀ ਤੇ ਬਾਬਾ ਰਾਮਦੇਵ ਦੀਆਂ ਕੰਪਨੀਆਂ ਦੇ ਸਾਮਾਨ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ। ਕੈਲਗਰੀ ਅਤੇ ਐਡਮਿੰਟਨ ਵਿਚਲੇ ਫਰੂਟੀਕੈਨਾ ਸਟੋਰਾਂ ’ਤੇ ਪਤੰਜਲੀ ਕੰਪਨੀ ਦੇ ਉਤਪਾਦਾਂ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ।