ਤਈਪੇਈ: ਅਮਰੀਕੀ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਸਾਬਕਾ ਚੇਅਰਮੈਨ ਮਾਈਕ ਮੁਲੇਨ ਨੇ ਕਿਹਾ ਹੈ ਕਿ ਤਾਇਵਾਨ ਨਾਲ ਲੱਗਦੇ ਸਮੁੰਦਰੀ ਖੇਤਰ ਵਿਚ ਸ਼ਾਂਤੀ ਸਾਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਸੰਸਾਰ ਦੇ ਹਿੱਤ ਜੁੜੇ ਹੋਏ ਹਨ ਨਾ ਕਿ ਸਿਰਫ਼ ਅਮਰੀਕਾ ਦੇ ਤਾਇਵਾਨ ਦੇ ਦੌਰੇ ਉਤੇ ਆਏ ਮਾਈਕ ਨੇ ਇਹ ਟਿੱਪਣੀ ਯੂਕਰੇਨ ਸੰਕਟ ਦੇ ਮੱਦੇਨਜ਼ਰ ਕੀਤੀ। ਜ਼ਿਕਰਯੋਗ ਹੈ ਕਿ ਚੀਨ ਵੀ ਤਾਇਵਾਨ ਨੂੰ ਆਪਣੇ ਵਿਚ ਰਲਾਉਣ ਦੀ ਕਈ ਵਾਰ ਚਿਤਾਵਨੀ ਦੇ ਚੁੱਕਾ ਹੈ। ਟਾਪੂ ਮੁਲਕ ਤਾਇਵਾਨ ਲੋਕਤੰਤਰ ਹੈ ਜਦਕਿ ਚੀਨ ਇਸ ’ਤੇ ਆਪਣਾ ਹੱਕ ਜਤਾਉਂਦਾ ਹੈ। ਚੀਨ ਕਈ ਵਾਰ ਤਾਇਵਾਨੀ ਖੇਤਰ ਵਿਚ ਫ਼ੌਜੀ ਅਭਿਆਸ ਕਰ ਚੁੱਕਾ ਹੈ। ਮੁਲੇਨ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਬਹੁਤ ਮਹੱਤਵਪੂਰਨ ਹੋ ਚੁੱਕਾ ਹੈ। ਉਨ੍ਹਾਂ ਤਾਇਵਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਜਾਣੂ ਕਰਾਇਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਪੂਰੇ ਸੰਸਾਰ ਵਿਚ ਲੋਕਤੰਤਰ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਯੂਕਰੇਨ ਇਸ ਦੀ ਤਾਜ਼ਾ ਉਦਾਹਰਣ ਹੈ। ਅੱਜ ਲੋਕਤੰਤਰ ਨੂੰ ਬਚਾਉਣ ਵਾਲਿਆਂ ਦੀ ਬਹੁਤ ਵੱਡੀ ਲੋੜ ਹੈ। ਜ਼ਿਕਰਯੋਗ ਹੈ ਕਿ ਤਾਇਵਾਨ ਤੇ ਚੀਨ ਨੂੰ 160 ਕਿਲੋਮੀਟਰ ਲੰਮਾ ਸਮੁੰਦਰੀ ਖੇਤਰ ਵੱਖ ਕਰਦਾ ਹੈ। ਚੀਨ ਜੇਕਰ ਘੁਸਪੈਠ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕੀ ਤੇ ਹੋਰ ਖੇਤਰੀ ਤਾਕਤਾਂ ਨੂੰ ਇਸ ਟਕਰਾਅ ਵਿਚ ਦਖ਼ਲ ਦੇਣਾ ਪੈ ਸਕਦਾ ਹੈ। ਅਮਰੀਕਾ ਪਿਛਲੇ ਕੁਝ ਸਮੇਂ ਤੋਂ ਤਾਇਵਾਨ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਮੁਲੇਨ ਨੇ ਕਿਹਾ ਕਿ ਇਹ ‘ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਰਾਖੀ ਲਈ ਸਾਧਨ ਮੁਹੱਈਆ ਕਰਾਈਏ।’ ਉਨ੍ਹਾਂ ਕਿਹਾ ਕਿ ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਉਹ ਤਾਇਵਾਨ ਦੀ ਮਦਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਯੂਕਰੇਨੀ ਲੋਕਾਂ ਦੀ ਹਿੰਮਤ ਇਕ ਮਿਸਾਲ ਬਣ ਗਈ ਹੈ। -ਪੀਟੀਆਈ