ਗੁਰਚਰਨ ਸਿੰਘ ਕਾਹਲੋਂ
ਸਿਡਨੀ, 13 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਪਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦੀ ਥਾਂ ਸੰਯੁਕਤ ਸਮਾਜ ਮੋਰਚੇ ਪ੍ਰਤੀ ਵਧੇਰੇ ਆਸਵੰਦ ਹਨ। ਪਰਵਾਸੀ ਮੰਚ ਦੇ ਆਗੂ ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਢਿੱਲੋਂ ਅਤੇ ਰਾਜਿੰਦਰ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਕਿਸਾਨੀ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਮੋਰਚੇ ਨੂੰ ਨਿੱਗਰ ਅਗਾਂਹਵਧੂ 117 ਉਮੀਦਵਾਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ‘ਆਪ’ ਨੇ ਲੱਖਾਂ ਡਾਲਰ ਦੀ ਉਗਰਾਹੀ ਦਾ ਕੋਈ ਹਿਸਾਬ ਨਹੀਂ ਦਿੱਤਾ ਅਤੇ ਪੰਜਾਬ ਨੂੰ ਯੂਰਪ ਬਣਾਉਣ ਦਾ ਲੌਲੀਪੌਪ ਦੇ ਕੇ ਕੇਵਲ ਫੰਡ ਉਗਰਾਹੇ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੀ ਜਿਸ ਚਿੱਠੀ ਦਾ ਹਵਾਲਾ ਦੇ ਕੇ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉੱਪਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾ ਕੇ ਪਾਰਟੀ ਤੋ ਲਾਂਭੇ ਕੀਤਾ ਗਿਆ ਸੀ, ਉਸ ਦੀ ਜਾਂਚ ਵੀ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ‘ਆਪ’ ਨੇ ਦਾਅਵਾ ਕੀਤਾ ਸੀ ਕਿ ਪਰਵਾਸੀਆਂ ਦਾ ਮਿਹਨਤ ਨਾਲ ਕਮਾਇਆ ਇੱਕ ਵੀ ਦਾਨ ਕੀਤਾ ਡਾਲਰ ਵਿਅਰਥ ਨਹੀਂ ਜਾਵੇਗਾ ਪਰ ਪਿਛਲੇ ਪੰਜ ਸਾਲਾਂ ਵਿੱਚ ਕਿਹੜੇ ਦੇਸ਼ ਵਿੱਚੋਂ ਪਾਰਟੀ ਨੇ ਕਿੰਨਾ ਫੰਡ ਲਿਆ, ਨੂੰ ਕਦੇ ਜਨਤਕ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ‘ਆਪ’ ਵੱਲੋਂ ਆਸਟਰੇਲੀਆ ਵਿੱਚ ਐੱਚਐਸ ਫੂਲਕਾ, ਕੁਮਾਰ ਵਿਸ਼ਵਾਸ ਤੇ ਭਗਵੰਤ ਮਾਨ ਨੇ ਵੱਖੋ-ਵੱਖ ਦੌਰੇ ਕਰਕੇ ਪਰਵਾਸੀਆਂ ਨਾਲ ਸਾਂਝ ਪਾਈ ਸੀ। ਫੂਲਕਾ ਤੇ ਕੁਮਾਰ ਦੋਵੇਂ ਹੀ ‘ਆਪ’ ਤੋ ਕਿਨਾਰਾ ਕਰ ਚੁੱਕੇ ਹਨ। ਪਰਵਾਸੀਆਂ ਨੇ ਕਿਹਾ ਕਿ ਫੰਡ ਲਈ ਹਵਾਲੇ ਦੀ ਵਰਤੋਂ ‘ਆਪ’ ਦੇ ਕੁਝ ਚਹੇਤਿਆਂ ਨੇ ਕੀਤੀ ਜਿਨ੍ਹਾਂ ਦਾ ਪਿਛੋਕੜ ਦਿੱਲੀ ਨਾਲ ਹੈ।