ਤੇਲ ਅਵੀਵ, 7 ਨਵੰਬਰ
ਯੇਰੂਸ਼ਲਮ ਵਿੱਚ ਅਮਰੀਕੀ ਕੌਂਸਲੇਟ ਨੂੰ ਮੁੜ ਖੋਲ੍ਹਣ ਦੇ ਵਾਅਦੇ ਨੂੰ ਇਜ਼ਰਾਈਲ ਵੱਲੋਂ ਰੱਦ ਕੀਤੇ ਜਾਣ ’ਤੇ ਫਲਸਤੀਨ ਨੇ ਅੱਜ ਉਸ ਦੀ ਸਖ਼ਤ ਆਲੋਚਨਾ ਕੀਤੀ ਹੈ। ਫਲਸਤੀਨ ਦੇ ਵਿਦੇਸ਼ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਕੌਂਸਲੇਟ ਨੂੰ ਮੁੜ ਤੋਂ ਖੋਲ੍ਹਣ ਦੀ ਕੌਮਾਂਤਰੀ ਭਾਈਚਾਰੇ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਦੇਖਦਾ ਹੈ ਕਿਉਂਕਿ ਉਹ ਆਪਣੇ ਭਵਿੱਖ ਦੇ ਮੁਲਕ ਲਈ ਇਜ਼ਰਾਈਲ ਦੇ ਦਹਾਕਿਆਂ ਪੁਰਾਣੇ ਕਬਜ਼ੇ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਉਨ੍ਹਾਂ ਬਿਆਨ ਵਿੱਚ ਕਿਹਾ, ‘‘ਪੂਰਬੀ ਯੇਰੂਸ਼ਲਮ ਕਬਜ਼ੇ ਵਾਲੇ ਫਲਸਤੀਨੀ ਖੇਤਰ ਦਾ ਅਟੁੱਟ ਹਿੱਸਾ ਹੈ ਅਤੇ ਇਹ ਫਲਸਤੀਨ ਦੇਸ਼ ਦੀ ਰਾਜਧਾਨੀ ਹੈ। ਇਸ ’ਤੇ ਕਬਜ਼ਾ ਕਰੀ ਬੈਠੇ ਇਜ਼ਰਾਈਲ ਨੂੰ ਅਮਰੀਕੀ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ।’’
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਫਲਸਤੀਨ ਵਿੱਚ ਅਮਰੀਕਾ ਦਾ ਮੁੱਖ ਮਿਸ਼ਨ ਮੁੜ ਖੋਲ੍ਹਣ ਦੇ ਵਾਅਦੇ ਤੋਂ ਸ਼ਨਿੱਚਰਵਾਰ ਨੂੰ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਵਿਵਾਦਿਤ ਸ਼ਹਿਰ ਵਿੱਚ ਅਜਿਹਾ ਦਫ਼ਤਰ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਟਰੰਪ ਪ੍ਰਸ਼ਾਸਨ ਨੇ ਯੇਰੂਸ਼ਲਮ ਵਿੱਚ ਅਮਰੀਕੀ ਮਿਸ਼ਨ ਨੂੰ ਬੰਦ ਕਰ ਦਿੱਤਾ ਸੀ। ਇਹ ਮਿਸ਼ਨ ਫਲਸਤੀਨ ਵਿੱਚ ਦੂਤਾਵਾਸ ਵਾਂਗ ਕੰਮ ਕਰਦਾ ਸੀ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਮਿਸ਼ਨ ਨੂੰ ਮੁੜ ਤੋਂ ਖੋਲ੍ਹਣ ਦਾ ਵਾਅਦਾ ਕੀਤਾ ਸੀ। ਇਹ ਐਲਾਨ ’ਤੇ ਇਜ਼ਰਾਈਲ ਨੇ ਕਿਹਾ ਸੀ ਕਿ ਇਹ ਸ਼ਹਿਰ ’ਤੇ ਉਸ ਦੀ ਪ੍ਰਭਸੱਤਾ ਨੂੰ ਚੁਣੌਤੀ ਦੇਵੇਗਾ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਿਸ਼ਨ ਬਾਰੇ ਪੁੱਛੇ ਸਵਾਲ ’ਤੇ ਬੈਨੇਟ ਨੇ ਯੇਰੂਸ਼ਲਮ ’ਤੇ ਇਜ਼ਰਾਈਲ ਦਾ ਰੁਖ਼ ਦੁਹਰਾਇਆ। ਉਨ੍ਹਾਂ ਨੇ ਕਿਹਾ, ‘‘ਯੇਰੂਸ਼ਲਮ ਵਿੱਚ ਇੱਕ ਹੋਰ ਅਮਰੀਕੀ ਮਿਸ਼ਨ ਲਈ ਕੋਈ ਥਾਂ ਨਹੀਂ ਹੈ। ਯੇਰੂਸ਼ਲਮ ਇੱਕ ਰਾਸ਼ਟਰੀ ਰਾਜਧਾਨੀ ਹੈ ਅਤੇ ਉਹ ਰਾਸ਼ਟਰ ਇਜ਼ਰਾਈਲ ਹੈ।’’ -ਏਪੀ