ਕਰਾਚੀ, 12 ਅਗਸਤ
ਪਾਕਿਸਤਾਨ ਵਿੱਚ ਇਕ ਮੀਡੀਆ ਸਮੂਹ ਨੇ ਬੌਲੀਵੁੱਡ ਅਦਾਕਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦੀ ਦੇਸ਼ ਭਰ ਵਿੱਚ ਸਕ੍ਰੀਨਿੰਗ ਵਾਸਤੇ ਐੱਨਓਸੀ ਲੈਣ ਲਈ ਸੂਚਨਾ ਮੰਤਰਾਲੇ ਕੋਲ ਪਹੁੰਚ ਕੀਤੀ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਜੇਕਰ ਸਿਨੇਪੈਕਸ ਮੀਡੀਆ ਸਮੂਹ ਨੂੰ ‘ਇਤਰਾਜ਼ ਨਹੀਂ ਸਰਟੀਫਿਕੇਟ’ ਮਿਲ ਜਾਂਦਾ ਹੈ ਤਾਂ 2019 ਤੋਂ ਬਾਅਦ ਇਹ ਪਹਿਲੀ ਭਾਰਤੀ ਫਿਲਮ ਹੋਵੇਗੀ ਜੋ ਕਿ ਪਾਕਿਸਤਾਨ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 2019 ਵਿੱਚ ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਮਗਰੋਂ ਪਾਕਿਸਤਾਨ ਸਰਕਾਰ ਨੇ ਭਾਰਤੀ ਫਿਲਮਾਂ ’ਤੇ ਰੋਕ ਲਗਾ ਦਿੱਤੀ ਸੀ। ਭਾਰਤ ਦੇ ਧਾਰਾ 370 ਰੱਦ ਕੀਤੇ ਜਾਣ ਦੇ ਫ਼ੈਸਲੇ ਦਾ ਪਾਕਿਸਤਾਨ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ, ਜਿਸ ਕਰ ਕੇ ਦੋਹਾਂ ਦੇਸ਼ਾਂ ਵਿਚਲੇ ਕੂਟਨੀਤਕ ਸਬੰਧ ਵਿਗੜ ਗਏ ਸਨ ਅਤੇ ਪਾਕਿਸਤਾਨ ਨੇ ਭਾਰਤੀ ਰਾਜਦੂਤ ਨੂੰ ਕੱਢ ਦਿੱਤਾ ਸੀ।
ਇਕ ਸੂਤਰ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਇਹ ਫਿਲਮ ਪੈਰਾਮਾਊਂਟ ਪਿਕਚਰਜ਼ ਵੱਲੋਂ ਰਿਲੀਜ਼ ਕੀਤੀ ਗਈ ਹੈ, ਜਦਕਿ ਪਾਕਿਸਤਾਨ ’ਚ ਇਹ ਫਿਲਮ ਸਿਨੇਪੈਕਸ ਮੀਡੀਆ ਸਮੂਹ ਵੱਲੋਂ ਲਿਆਂਦੀ ਗਈ ਹੈ। ਉਧਰ, ਸਿਨੇਪੈਕਸ ਮੀਡੀਆ ਸਮੂਹ ਦੇ ਜਨਰਲ ਮੈਨੇਜਰ ਸਾਦ ਬੇਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਐੱਨਓਸੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘‘ਹਾਂ, ਅਸੀਂ ਦੇਸ਼ ਭਰ ਵਿੱਚ ਫਿਲਮ ਰਿਲੀਜ਼ ਕਰਨ ਲਈ ਐੱਨਓਸੀ ਮੰਗੀ ਹੈ। ਅਸੀਂ ਮੰਤਰਾਲੇ ਤੋਂ ਚੰਗੀ ਖ਼ਬਰ ਮਿਲਣ ਲਈ ਆਸਵੰਦ ਹਾਂ।’’
ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਅਤੇ ਸਿੰਧ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੇ ਨੁਮਾਇੰਦਿਆਂ ਨੇ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਮੰਤਰਾਲੇ ਵਿਚਲੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ’ਚ ਫਿਲਮ ਰਿਲੀਜ਼ ਕਰਨ ਲਈ ਐੱਨਓਸੀ ਦੀ ਅਰਜ਼ੀ ਵਿਚਾਰਅਧੀਨ ਹੈ। ਮੰਤਰਾਲੇ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਮੰਤਰਾਲੇ ਨੇ ਸਿਨੇਪੈਕਸ ਮੀਡੀਆ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਕੋਈ ਭਾਰਤੀ ਫਿਲਮ ਜਾਂ ਭਾਰਤ ਵਿੱਚ ਬਣਿਆ ਕੋਈ ਵੀ ਪ੍ਰਾਜੈਕਟ ਦੇਸ਼ ਵਿੱਚ ਰਿਲੀਜ਼ ਨਹੀਂ ਹੋਵੇਗਾ। -ਪੀਟੀਆਈ
ਆਮਿਰ ਖਾਨ ਨੇ ਸਿੱਖਾਂ ਤੇ ਭਾਰਤੀ ਫ਼ੌਜ ਦਾ ਅਪਮਾਨ ਕੀਤਾ: ਮੌਂਟੀ ਪਨੇਸਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪਹਿਲਾਂ ਤੋਂ ਵਿਵਾਦਾਂ ਵਿੱਚ ਘਿਰੀ ਬੌਲੀਵੁੱਡ ਅਦਾਕਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’, ਅੱਜ ਰਿਲੀਜ਼ ਹੁੰਦੇ ਸਾਰ ਇਕ ਵਾਰ ਫਿਰ ਉਦੋਂ ਇਕ ਨਵੇਂ ਵਿਵਾਦ ਵਿੱਚ ਘਿਰ ਗਈ ਜਦੋਂ ਇੰਗਲੈਂਡ ਦੇ ਕ੍ਰਿਕਟਰ ਮੌਂਟੀ ਪਨੇਸਰ ਨੇ ਟਵਿੱਟਰ ’ਤੇ ਆਮਿਰ ਖਾਨ ਖ਼ਿਲਾਫ਼ ਟਿੱਪਣੀ ਕਰ ਦਿੱਤੀ। ਮੌਂਟੀ ਪਨੇਸਰ ਨੇ ਟਵਿੱਟਰ ’ਤੇ ਲਿਖਿਆ ਕਿ ਆਮਿਰ ਖਾਨ ਨੇ ਸਿੱਖਾਂ ਤੇ ਭਾਰਤੀ ਫ਼ੌਜ ਦਾ ਅਪਮਾਨ ਕੀਤਾ ਹੈ।