ਪਿਸ਼ਾਵਰ, 27 ਸਤੰਬਰ
ਪਾਕਿਸਤਾਨ ਦੇ ਖੈ਼ਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਪੁਰਖਿਆਂ ਦੇ ਮਕਾਨ ਖਰੀਦਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਨੂੰ ਇਤਿਹਾਸਕ ਇਮਾਰਤਾਂ ਵਜੋਂ ਸੰਭਾਲਿਆ ਜਾ ਸਕੇ। ਸੂਬੇ ਵਿੱਚ ਪੁਰਾਤੱਤਵ ਵਿਭਾਗ ਨੇ ਦੋ ਇਮਾਰਤਾਂ ਦੀ ਖਰੀਦ ਲਈ ਲੋੜੀਂਦੇ ਫੰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਦੇ ਮੁਖੀ ਡਾ. ਅਬਦੁਸ ਸਮਦ ਖਾਨ ਨੇ ਕਿਹਾ ਕਿ ਦੋਵਾਂ ਇਤਿਹਾਸਕ ਇਮਾਰਤਾਂ ਦੀ ਕੀਮਤ ਨਿਰਧਾਰਤ ਕਰਨ ਲਈ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜਿਆ ਗਿਆ ਹੈ। ਰਾਜ ਕਪੂਰ ਦਾ ਜੱਦੀ ਘਰ ਕਪੂਰ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਕਿੱਸਾ ਖਵਾਨੀ ਬਾਜ਼ਾਰ ਵਿੱਚ ਸਥਿਤ ਹੈ। ਇਹ ਪ੍ਰਸਿੱਧ ਅਦਾਕਾਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਦੁਆਰਾ 1918 ਅਤੇ 1922 ਦੇ ਵਿਚਕਾਰ ਬਣਾਇਆ ਗਿਆ ਸੀ। ਰਾਜ ਕਪੂਰ ਅਤੇ ਉਸ ਦੇ ਚਾਚੇ ਤ੍ਰਿਲੋਕ ਕਪੂਰ ਦਾ ਜਨਮ ਇਸੇ ਘਰ ਵਿੱਚ ਹੋਇਆ ਸੀ।