ਇਸਲਾਮਾਬਾਦ, 12 ਜਨਵਰੀ
ਪਾਕਿਸਤਾਨ ਆਪਣੀ ਪਲੇਠੀ ‘ਕੌਮੀ ਸੁਰੱਖਿਆ ਨੀਤੀ’ ਤਹਿਤ ਭਾਰਤ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ ‘ਅਮਨ’ ਵਾਲੇ ਰਿਸ਼ਤੇ ਰੱਖਣ ਦਾ ਚਾਹਵਾਨ ਹੈ। ਮੀਡੀਆ ਰਿਪੋਰਟ ਮੁਤਾਬਕ ਨਵੀਂ ਨੀਤੀ ਵਿੱਚ ਨਵੀਂ ਦਿੱਲੀ ਨਾਲ ਵਪਾਰ ਵਾਸਤੇ ਦਰ ਖੋਲ੍ਹਣ ਦੀ ਗੱਲ ਵੀ ਆਖੀ ਗਈ ਹੈ। ਜਿੱਥੋਂ ਤੱਕ ਕਸ਼ਮੀਰ ਮਸਲੇ ਦੀ ਗੱਲ ਹੈ ਤਾਂ ਕੌਮੀ ਸੁਰੱਖਿਆ ਨੀਤੀ ਇਹ ਕਹਿੰਦੀ ਹੈ ਕਿ ਦੁਵੱਲੀ ਗੱਲਬਾਤ ਜ਼ਰੀਏ ਇਸ ਦਿਸ਼ਾ ’ਚ ਕੰਮ ਜਾਰੀ ਹੈ। ਕੌਮੀ ਸੁਰੱਖਿਆ ਕਮੇਟੀ ਤੇ ਕੇਂਦਰੀ ਕੈਬਨਿਟ ਨੇ ਪਿਛਲੇ ਮਹੀਨੇ ਵੱਖੋ-ਵੱਖਰੇ ਤੌਰ ’ਤੇ ਕੌਮੀ ਸੁਰੱਖਿਆ ਨੀਤੀ ਦੀ ਤਾਈਦ ਕੀਤੀ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੁਣ ਸ਼ੁੱਕਰਵਾਰ ਨੂੰ ਇਸ ਤੋਂ ਰਸਮੀ ਪਰਦਾ ਚੁੱਕਣਗੇ। ਦਿ ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਦਾ ਕੇਂਦਰੀ ਵਿਸ਼ਾ-ਵਸਤੂ ਆਪਣੇ ਗੁਆਂਢੀਆਂ ਨਾਲ ਅਮਨ ਤੇ ਆਰਥਿਕ ਕੂਟਨੀਤੀ ਹੋਵੇਗਾ। ਪੰਜ ਸਾਲਾਂ(2022-26) ਦੀ ਨੀਤੀ ਵਾਲਾ ਇਹ ਪਾਲਿਸੀ ਦਸਤਾਵੇਜ਼ ਪਾਕਿਸਤਾਨੀ ਸਰਕਾਰ ਵੱਲੋਂ ਤਿਆਰ ਅਜਿਹਾ ਪਹਿਲਾ ਰਣਨੀਤਕ ਦਸਤਾਵੇਜ਼ ਹੈ, ਜੋ ਕੌਮੀ ਸੁਰੱਖਿਆ ਨੂੰ ਲੈ ਕੇ ਰਾਜਨੀਤਕ ਸੂਝਬੂਝ ਤੇ ਹਾਸਲ ਕੀਤੇ ਜਾਣ ਵਾਲੇ ਟੀਚਿਆਂ ਲਈ ਦਿਸ਼ਾ-ਨਿਰਦੇਸ਼ਾਂ ਦੀ ਰੂਪਰੇਖਾ ਨੂੰ ਬਿਆਨ ਕਰਦਾ ਹੈ। ਰਿਪੋਰਟ ਵਿੱਚ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੌ ਸਫ਼ਿਆਂ ਵਾਲੀ ਇਸ ਅਸਲ ਪਾਲਿਸੀ, ਜਿਸ ਨੂੰ ਹੁਣ ਤੱਕ ਜਨਤਕ ਨਹੀਂ ਸੀ ਕੀਤਾ ਗਿਆ, ਤਹਿਤ ਲੰਮੇ ਸਮੇਂ ਤੋਂ ਜਾਰੀ ਕਸ਼ਮੀਰ ਵਿਵਾਦ ਨੂੰ ਹੱਲ ਕੀਤੇ ਬਿਨਾਂ ਭਾਰਤ ਨਾਲ ਵਣਜ ਤੇ ਕਾਰੋਬਾਰੀ ਰਿਸ਼ਤਿਆਂ ਲਈ ਰਾਹ ਖੁੱਲ੍ਹੇਗਾ। ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ, ‘‘ਅਸੀਂ ਅਗਲੇ ਸੌ ਸਾਲਾਂ ਤੱਕ ਭਾਰਤ ਨਾਲ ਵੈਰ ਨਹੀਂ ਰੱਖ ਸਕਦੇ। ਨਵੀਂ ਪਾਲਿਸੀ ਆਪਣੇ ਗੁਆਂਢੀਆਂ ਨਾਲ ਅਮਨ ਬਣਾ ਕੇ ਰੱਖਣ ਦੀ ਹਾਮੀ ਹੈ।’’ ਅਧਿਕਾਰੀ ਨੇ ਕਿਹਾ ਕਿ ਜੇਕਰ ਸੰਵਾਦ ਹੁੰਦਾ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਭਾਰਤ ਨਾਲ ਵਣਜ ਤੇ ਵਪਾਰਕ ਰਿਸ਼ਤੇ ਆਮ ਵਾਂਗ ਹੋ ਜਾਣ। -ਪੀਟੀਆਈ