ਇਸਲਾਮਾਬਾਦ, 1 ਅਪਰੈਲ
ਮੁੱਖ ਅੰਸ਼
- ‘ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਬਹਾਲ ਕਰਨ ਤੱਕ ਵਪਾਰ ਨਹੀਂ ਹੋਵੇਗਾ’
- ਕੈਬਨਿਟ ਨੇ ਆਰਥਿਕ ਤਾਲਮੇਲ ਕਮੇਟੀ ਦੇ ਫ਼ੈਸਲੇ ਨੂੰ ਖਾਰਜ ਕੀਤਾ
ਪਾਕਿਸਤਾਨ ਦੇ ਮੰਤਰੀ ਮੰਡਲ ਨੇ ਆਰਥਿਕ ਤਾਲਮੇਲ ਕਮੇਟੀ (ਈਸੀਸੀ) ਵੱਲੋਂ ਭਾਰਤ ਤੋਂ ਖੰਡ ਅਤੇ ਕਪਾਹ ਮੰਗਵਾਏ ਜਾਣ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਹੈ। ਦੋ ਸੀਨੀਅਰ ਮੰਤਰੀਆਂ ਨੇ ਕਿਹਾ ਕਿ ਨਵੀਂ ਦਿੱਲੀ ਨਾਲ ਸਬੰਧ ਉਦੋਂ ਤੱਕ ਠੀਕ ਨਹੀਂ ਹੋ ਸਕਦੇ ਜਦੋਂ ਤੱਕ ਉਹ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਆਪਣੇ ਫ਼ੈਸਲੇ ਨੂੰ ਵਾਪਸ ਨਹੀਂ ਲੈ ਲੈਂਦਾ ਹੈ।
ਇਸ ਮੁੱਦੇ ਨੂੰ ਲੈ ਕੇ ਅਧਿਕਾਰੀ ਖਾਮੋਸ਼ ਸਨ ਅਤੇ ਅਖੀਰ ’ਚ ਫ਼ੈਸਲੇ ਬਾਰੇ ਪਹਿਲੀ ਟਿੱਪਣੀ ਮਨੁੱਖੀ ਅਧਿਕਾਰਾਂ ਬਾਰੇ ਮਾਮਲਿਆਂ ਦੀ ਮੰਤਰੀ ਸ਼ਿਰੀਨ ਮਜਾਰੀ ਵੱਲੋਂ ਆਈ ਜੋ ਕਸ਼ਮੀਰ ਨੂੰ ਲੈ ਕੇ ਆਪਣੇ ਕੱਟੜ ਰਵੱਈਏ ਲਈ ਮੰਨੀ ਜਾਂਦੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੰਤਰੀ ਮੰਡਲ ਨੇ ਅੱਜ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਭਾਰਤ ਨਾਲ ਕੋਈ ਵਪਾਰ ਨਹੀਂ ਹੋਵੇਗਾ। ਉਸ ਨੇ ਦੱਸਿਆ ਕਿ 20 ਮਾਰਚ ਨੂੰ ਕਰੋਨਾ ਤੋਂ ਪੀੜਤ ਹੋਣ ਮਗਰੋਂ ਮੰਤਰੀ ਮੰਡਲ ਦੀ ਪਹਿਲੀ ਵਾਰ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਸਪੱਸ਼ਟ ਕੀਤਾ ਕਿ ਭਾਰਤ ਨਾਲ ਰਿਸ਼ਤੇ ਕਸ਼ਮੀਰ ’ਚ ਕੀਤੀ ਗਈ ਕਾਰਵਾਈ ਨੂੰ ਵਾਪਸ ਲੈਣ ਤੱਕ ਸੁਖਾਵੇਂ ਨਹੀਂ ਹੋਣਗੇ। ਬਾਅਦ ’ਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ ਕਿ ਮੰਤਰੀ ਮੰਡਲ ਨੇ ਭਾਰਤ ਤੋਂ ਕਪਾਹ ਅਤੇ ਖੰਡ ਮੰਗਵਾਉਣ ਦੇ ਮੁੱਦੇ ’ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇੰਜ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਭਾਰਤ ਨਾਲ ਸਬੰਧ ਸੁਖਾਵੇਂ ਹੋ ਗਏ ਹਨ ਅਤੇ ਵਪਾਰ ਬਹਾਲ ਹੋ ਗਿਆ ਹੈ ਪਰ ਅਜਿਹਾ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਬਹਾਲ ਨਹੀਂ ਕੀਤਾ ਜਾਂਦਾ। -ਪੀਟੀਆਈ