ਇਸਲਾਮਾਬਾਦ, 17 ਨਵੰਬਰ
ਪਾਕਿਸਤਾਨੀ ਸੰਸਦ ਦੇ ਸਾਂਝੇ ਇਜਲਾਸ ਵਿੱਚ ਤਿੰਨ ਮਹੱਤਵਪੂਰਨ ਬਿਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮੌਤ ਦੀ ਸਜ਼ਾਯਾਫਤਾ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਨੂੰ ਅਪੀਲ ਦਾ ਹੱਕ ਦੇਣ ਦੇ ਅਧਿਕਾਰ ਸਬੰਧੀ ਬਿਲ ਵੀ ਸ਼ਾਮਲ ਹੈ। ਕਾਬਿਲੇਗੌਰ ਹੈ ਕਿ ਵਿਰੋਧੀ ਧਿਰ ਵੱਲੋਂ ਇਸ ਬਿਲ ਦਾ ਵਿਰੋਧ ਕੀਤਾ ਗਿਆ। ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਪਾਕਿਸਤਾਨ ਵੱਲੋਂ ਜਾਧਵ ਤਕ ਸਫਾਰਤੀ ਪਹੁੰਚ ਤੋਂ ਇਨਕਾਰ ਅਤੇ ਉਸ ਨੂੰ ਸੁਣਾਈ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਕੌਮਾਂਤਰੀ ਨਿਆਂ ਅਦਾਲਤ(ਇੰਟਰਨੈਸ਼ਨਲ ਕੋਰਟ ਆਫ ਜਸਟਿਸ) ਦਾ ਬੂਹਾ ਖੜਕਾਇਆ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅ ਹੇਗ ਦੀ ਕੌਮਾਂਤਰੀ ਨਿਆਂ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਪਾਕਿਸਤਾਨ ਨੂੰ ਭਾਰਤ ਨੂੰ ਜਾਧਵ ਤਕ ਸਫਾਰਤੀ ਪਹੁੰਚ ਦੇਣ ਅਤੇ ਸਜ਼ਾ ਬਾਰੇ ਨਜ਼ਰਸਾਨੀ ਯਕੀਨੀ ਬਣਾਉਣ ਲਈ ਕਿਹਾ ਸੀ। ਬੁੱਧਵਾਰ ਨੂੰ ਸੈਨੇਟ ਅਤੇ ਕੌਮੀ ਅਸੈਂਬਲੀ ਦੇ ਸਾਂਝੇ ਇਜਲਾਸ ਵਿੱਚ ਉਪਰੋਕਤ ਬਿਲਾਂ ਨੂੰ ਪਾਸ ਕੀਤਾ ਗਿਆ। -ਏਜੰਸੀ