ਇਸਲਾਮਾਬਾਦ: ਪਾਕਿਸਤਾਨੀ ਸੰਸਦ ਨੇ ਉਸ ਆਰਡੀਨੈਂਸ ਦੀ ਮਿਆਦ ਚਾਰ ਮਹੀਨੇ ਵਧਾ ਦਿੱਤੀ ਹੈ ਜੋ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਨੂੰ ਆਪਣੇ ’ਤੇ ਲੱਗੇ ਦੋਸ਼ਾਂ ਖ਼ਿਲਾਫ਼ ਕਿਸੇ ਹਾਈ ਕੋਰਟ ’ਚ ਅਪੀਲ ਦਾਇਰ ਕਰਨ ਦੀ ਇਜਾਜ਼ਤ ਦਿੰਦੀ ਹੈ।‘ਡਾਅਨ ਨਿਊਜ਼’ ਦੀ ਖ਼ਬਰ ਅਨੁਸਾਰ ਲੰਘੀ ਮਈ ’ਚ ਜਾਰੀ ਕੌਮਾਂਤਰੀ ਅਦਾਲਤ (ਸਮੀਖਿਆ ਤੇ ਮੁੜ ਵਿਚਾਰ) ਆਰਡੀਨੈਂਸ ਦੀ ਮਿਆਦ 17 ਸਤੰਬਰ ਨੂੰ ਖਤਮ ਹੋਣ ਵਾਲੀ ਸੀ ਪਰ ਕੌਮੀ ਅਸੈਂਬਲੀ ਨੇ ਇਸ ਦੀ ਮਿਆਦ ਚਾਰ ਮਹੀਨੇ ਵਧਾ ਦਿੱਤੀ ਹੈ। ਇਹ ਆਰਡੀਨੈਂਸ ਕੌਮਾਂਤਰੀ ਅਦਾਲਤ (ਆਈਸੀਜੇ) ਦੇ ਉਸ ਫ਼ੈਸਲੇ ਨੂੰ ਲਾਗੂ ਕਰਨ ਲਈ ਕੀਤਾ ਗਿਆ ਸੀ ਜਿਸ ’ਚ ਪਾਕਿਸਤਾਨ ਨੂੰ ਕਿਹਾ ਕਿ ਸੀ ਕਿ ਉਹ ਜਾਧਵ ਨੂੰ ਇੱਕ ਫੌਜੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਦੀ ਸਮੀਖਿਆ ਮੁਹੱਈਆ ਕਰਵਾਏ। ਭਾਰਤੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਜਾਧਵ (50) ਨੂੰ ਇੱਕ ਪਾਕਿਸਤਾਨੀ ਫੌਜੀ ਅਦਾਲਤ ਨੇ ਜਾਸੂਸੀ ਤੇ ਅਤਿਵਾਦ ਦੇ ਦੋਸ਼ ਹੇਠ ਅਪਰੈਲ 2017 ’ਚ ਮੌਤ ਦੀ ਸਜ਼ਾ ਸੁਣਾਈ ਸੀ।
-ਪੀਟੀਆਈ