ਪਿਸ਼ਾਵਰ, 7 ਜੁਲਾਈ
ਪਾਕਿਸਤਾਨ ਦੇ ਗੜਬੜ ਵਾਲੇ ਪ੍ਰਾਂਤ ਖੈਬਰ ਪਖਤੂਨਖਵਾ ਵਿੱਚ ਅੱਜ ਅਣਪਛਾਤੇ ਵਿਅਕਤੀਆਂ ਨੇ ਇਕ ਪੁਲੀਸ ਚੌਕੀ ’ਤੇ ਗ੍ਰਨੇਡ ਸੁੱਟ ਦਿੱਤਾ। ਇਸ ਹਮਲੇ ਵਿੱਚ ਇਕ ਪੁਲੀਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ।
ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਉਦੋਂ ਹੋਇਆ ਜਦੋਂ ਅਣਪਛਾਤੇ ਹਮਲਾਵਰਾਂ ਨੇ ਮਰਦਾਨ ਜ਼ਿਲ੍ਹੇ ਦੀ ਚਮਤਾਰ ਪੁਲੀਸ ਚੌਕੀ ’ਤੇ ਇਕ ਹੱਥਗੋਲਾ ਸੁੱਟ ਦਿੱਤਾ। ਇਸ ਹਮਲੇ ਵਿੱਚ ਇਕ ਪੁਲੀਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਧਮਾਕੇ ਤੋਂ ਬਾਅਦ ਸਾਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਅਤਿਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਹਮਲੇ ਦੀ ਨਿਖੇਧੀ ਕੀਤੀ ਅਤੇ ਇਸ ਸਬੰਧੀ ਵਿਸਥਾਰ ’ਚ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਵੀ ਸੁਰੱਖਿਆ ਬਲਾਂ ’ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ। -ਪੀਟੀਆਈ
ਉੱਤਰੀ ਵਜ਼ੀਰਿਸਤਾਨ ਵਿੱਚ ਤਿੰਨ ਅਤਿਵਾਦੀ ਹਲਾਕ
ਅਫ਼ਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਕਬਾਇਲੀ ਜ਼ਿਲ੍ਹੇ ਉੱਤਰੀ ਵਜ਼ੀਰਿਸਤਾਨ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਇਕ ਮੁਹਿੰਮ ਦੌਰਾਨ ਤਿੰਨ ਅਤਿਵਾਦੀ ਹਲਾਕ ਹੋ ਗਏ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਲੰਘੀ ਰਾਤ ਗ਼ੁਲਾਮ ਖਾਨ ਸਰਹੱਦ ਦੇ ਨੇੜੇ ਪਹਿਲਾਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਵਿੱਚ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਤਿੰਨ ਅਤਿਵਾਦੀ ਹਲਾਕ ਹੋ ਗਏ ਜਦਕਿ ਤਿੰਨ ਹੋਰ ਸਰਹੱਦ ਪਾਰ ਭੱਜ ਗਏ। -ਪੀਟੀਆਈ