ਲਾਹੌਰ, 3 ਦਸੰਬਰ
ਪਾਕਿਸਤਾਨ ਵਿੱਚ ਲੋਕਾਂ ਦੇ ਹਜੂਮ ਨੇ ਕੁਫ਼ਰ ਤੋਲਨ ਦੇ ਦੋਸ਼ ਹੇਠ ਸ੍ਰੀਲੰਕਾ ਦੇ ਨਾਗਰਿਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ। ਇਹ ਘਟਨਾ ਪੰਜਾਬ ਸੂਬੇ ਵਿੱਚ ਵਾਪਰੀ। ਵੇਰਵਿਆਂ ਅਨੁਸਾਰ ਪ੍ਰੀਅੰਤਾ ਕੁਮਾਰਾ ਸਿਆਲਕੋਟ ਜ਼ਿਲ੍ਹੇ ਦੀ ਇਕ ਫੈਕਟਰੀ ਵਿੱਚ ਜਨਰਲ ਮੇਨੈਜਰ ਵਜੋਂ ਤਾਇਨਾਤ ਸੀ। ਉਸ ਨੇ ਕਥਿਤ ਤੌਰ ’ਤੇ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐੱਲਪੀ) ਦੇ ਇਕ ਪੋਸਟਰ ਨੂੰ ਪਾੜ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ। ਇਸ ਪੋਸਟਰ ਉੱਤੇ ਪਵਿੱਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ। ਇਹ ਪੋਸਟਰ ਉਸ ਫੈਕਟਰੀ ਨੇੜਲੀ ਕੰਧ ਉੱਤੇ ਚਿਪਕਾਇਆ ਗਿਆ ਸੀ ਜਿਥੇ ਪ੍ਰੀਅੰਤਾ ਕੁਮਾਰਾ ਨਿਯੁਕਤ ਸੀ। ਕੁਝ ਫੈਕਟਰੀ ਕਾਮਿਆਂ ਨੇ ਪ੍ਰੀਅੰਤਾ ਨੂੰ ਪੋਸਟਰ ਉਤਾਰਦੇ ਹੋਏ ਦੇਖ ਲਿਆ ਤੇ ਸ਼ੋਰ ਮਚਾ ਦਿੱਤਾ। ਇਸ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਜਿਨ੍ਹਾਂ ਵਿੱਚ ਟੀਐੱਲਪੀ ਦੇ ਮੈਂਬਰ ਵੀ ਸ਼ਾਮਲ ਸਨ। ਉਨ੍ਹਾਂ ਨੇ ਪੁਲੀਸ ਦੇ ਆਉਣ ਤੋਂ ਪਹਿਲਾਂ ਪ੍ਰੀਅੰਤਾ ਕੁਮਾਰਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਸਾੜ ਦਿੱਤੀ। ਸਿਆਲਕੋਟ ਦੇ ਪੁਲੀਸ ਅਧਿਕਾਰੀ ਉਮਰ ਸਈਦ ਮਲਿਕ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। -ਪੀਟੀਆਈ