ਇਸਲਾਮਾਬਾਦ, 21 ਅਗਸਤ
ਇਲੈਕਟ੍ਰਾਨਿਕ ਮੀਡੀਆ ’ਤੇ ਨਿਗਰਾਨੀ ਰੱਖਣ ਵਾਲੀ ਪਾਕਿਸਤਾਨ ਦੀ ਅਥਾਰਿਟੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਸ਼ਣਾਂ ਦੇ ਸਿੱਧੇ ਪ੍ਰਸਾਰਨ ਤੋਂ ਸੈਟੇਲਾਈਟ ਟੀਵੀ ਚੈਨਲਾਂ ਨੂੰ ਰੋਕ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਇਮਰਾਨ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰੀ ਇਕਾਈਆਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਤੇ ਭੜਕਾਊ ਬਿਆਨਬਾਜ਼ੀ ਵੀ ਕੀਤੀ। ਇਮਰਾਨ ਖਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਸ਼ਾਹਬਾਜ਼ ਗਿੱਲ ਨੂੰ ਪਿਛਲੇ ਹਫ਼ਤੇ ਦੇਸ਼ਧ੍ਰੋਹ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਕੇ ਮਾੜਾ ਵਿਹਾਰ ਕੀਤਾ ਗਿਆ ਹੈ। ਰੈਲੀ ਵਿਚ ਖਾਨ ਨੇ ਪੁਲੀਸ ਦੇ ਉੱਚ ਅਧਿਕਾਰੀਆਂ, ਇਕ ਮਹਿਲਾ ਮੈਜਿਸਟਰੇਟ, ਪਾਕਿਸਤਾਨ ਚੋਣ ਕਮਿਸ਼ਨ ਤੇ ਸਿਆਸੀ ਵਿਰੋਧੀਆਂ ਨੂੰ ਕੇਸ ਦਰਜ ਕਰਾਉਣ ਦੀ ਧਮਕੀ ਦਿੱਤੀ। ਪਾਕਿਸਤਾਨ ਇਲੈਕਟ੍ਰੀਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਟੀਵੀ ਚੈਨਲਾਂ ਨੂੰ ਕਈ ਵਾਰ ‘ਟਾਈਮ-ਡਿਲੇਅ’ ਤਕਨੀਕ ਦੀ ਵਰਤੋਂ ਕਰਨ ਲਈ ਕਿਹਾ ਜਾ ਚੁੱਕਾ ਹੈ ਤਾਂ ਕਿ ਸਰਕਾਰੀ ਸੰਸਥਾਵਾਂ ਖ਼ਿਲਾਫ਼ ਕੋਈ ਟਿੱਪਣੀ ਆਉਣ ’ਤੇ ਪ੍ਰਸਾਰਨ ਰੋਕਿਆ ਜਾ ਸਕੇ। ਪਰ ਚੈਨਲਾਂ ਨੇ ਚਿਤਾਵਨੀਆਂ ਦੀ ਪ੍ਰਵਾਹ ਨਹੀਂ ਕੀਤੀ। ਰੈਗੂਲੇਟਰੀ ਨੇ ਕਿਹਾ ਕਿ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਲਗਾਤਾਰ ਆਪਣੇ ਭਾਸ਼ਣਾਂ ਤੇ ਬਿਆਨਾਂ ਵਿਚ ਸਰਕਾਰੀ ਇਕਾਈਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਬੇਬੁਨਿਆਦ ਦੋਸ਼ ਲਾ ਰਹੇ ਹਨ ਤੇ ਭੜਕਾਊ ਬਿਆਨਬਾਜ਼ੀ ਰਾਹੀਂ ਸਰਕਾਰੀ ਸੰਸਥਾਵਾਂ ਤੇ ਅਧਿਕਾਰੀਆਂ ਖ਼ਿਲਾਫ਼ ਨਫ਼ਰਤ ਪੈਦਾ ਰਹੇ ਹਨ। ਇਹ ਸਭ ਕਾਨੂੰਨ-ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ ਅਤੇ ਸ਼ਾਂਤੀ ਭੰਗ ਹੋ ਸਕਦੀ ਹੈ। ਉਨ੍ਹਾਂ ਖਾਨ ਦੇ ਭਾਸ਼ਣਾਂ ਨੂੰ ਸੰਵਿਧਾਨ ਦੀ ਧਾਰਾ 19 ਤੇ ਮੀਡੀਆ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ। ਅਥਾਰਿਟੀ ਨੇ ਨਾਲ ਹੀ ਕਿਹਾ ਕਿ ਖਾਨ ਦੇ ਰਿਕਾਰਡ ਕੀਤੇ ਭਾਸ਼ਣ ਵੀ ਪ੍ਰਭਾਵੀ ‘ਡਿਲੇਅ ਤਕਨੀਕ’ ਨਾਲ ਹੀ ਚਲਾਏ ਜਾਣ ਤਾਂ ਜੋ ਨਿਗਰਾਨੀ ਕਰਨ ਤੇ ਸਮੱਗਰੀ ਨੂੰ ਕੱਟਣ ਦੀ ਗੁੰਜਾਇਜ਼ ਰਹੇ। ਇਮਰਾਨ ਦੀ ਪਾਰਟੀ ‘ਪੀਟੀਆਈ’ ਨੇ ਇਸ ਫ਼ੈਸਲੇ ’ਤੇ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ ਹੈ। -ਪੀਟੀਆਈ