ਸੰਯੁਕਤ ਰਾਸ਼ਟਰ, 25 ਨਵੰਬਰ
ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਕਿਹਾ ਹੈ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਅਤਿਵਾਦੀਆਂ ਦਾ ਸਭ ਤੋਂ ਵੱਡੀ ਪਨਾਹਗਾਹ ਹੈ ਅਤੇ ਉਸ ਨੂੰ ਐਬਟਾਬਾਦ ਯਾਦ ਰੱਖਣਾ ਚਾਹੀਦਾ ਹੈ, ਜਿਥੇ ਅਲ-ਕਾਇਦਾ ਦਾ ਆਗੂ ਓਸਾਮਾ ਬਿਨ ਲਾਦੇਨ ਕਈ ਸਾਲਾਂ ਤੋਂ ਲੁਕਿਆ ਰਿਹਾ ਅਤੇ ਆਖਰਕਾਰ ਮਾਰਿਆ ਗਿਆ। ਪਾਕਿ ਦੇ ਡਿਪਲੋਮੈਟ ਦੁਆਰਾ ਵੱਲੋਂ ਯੂਐੱਨ ਦੇ ਸਕੱਤਰ ਜਨਰਲ ਸੌਂਪੇ ਡੋਜ਼ੀਅਰ ਦੇ ਜੁਆਬ ਵਿੱਚ ਭਾਰਤ ਨੇ ਇਹ ਗੱਲ ਆਖੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀਐੱਸ ਤ੍ਰਿਮੂਰਤੀ ਨੇ ਟਵੀਟ ਕੀਤਾ ਕਿ ਪਾਕਿਸਤਾਨ ਵੱਲੋਂ ਭੇਜਿਆ ਇਹ ਪੱਤਰ “ਝੂਠ ਦਾ ਪੁਲੰਦਾ ਹੈ ਅਤੇ ਇਸਦੀ ਕੋਈ ਭਰੋਸੇਯੋਗਤਾ ਨਹੀਂ ਹੈ। ਜਾਅਲੀ ਦਸਤਾਵੇਜ਼ ਦੇਣਾ ਅਤੇ ਸਾਜ਼ਿਸ਼ ਰਚਣਾ ਪਾਕਿਸਤਾਨ ਲਈ ਕੋਈ ਨਵੀਂ ਗੱਲ ਨਹੀਂ ਹੈ। ਉਹ ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਅਤਿਵਾਦੀਆਂ ਦਾ ਸਭ ਤੋਂ ਵੱਡਾ ਪਨਾਹਗਾਹ ਹੈ ਤੇ ਉਸ ਨੂੰ ਐਬਟਾਬਾਦ ਯਾਦ ਰੱਖਣਾ ਚਾਹੀਦਾ ਹੈ।”