ਕਰਾਚੀ/ਇਸਲਾਮਾਬਾਦ, 6 ਜੁਲਾਈ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅੱਜ ਭਾਰੀ ਮੀਂਹ ਕਰਕੇ ਆਏ ਹੜ੍ਹ ਕਾਰਨ ਇੱਕ ਹੀ ਪਰਿਵਾਰ ਦੀਆਂ ਛੇ ਔਰਤਾਂ ਸਮੇਤ ਘੱਟੋ-ਘੱਟ 25 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਮਗਰੋਂ ਕੋਇਟਾ ਜ਼ਿਲ੍ਹੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਸੂਬਾਈ ਆਫਤ ਪ੍ਰਬੰਧਨ ਅਥਾਰਟੀ (ਪੀਡੀਐੱਮਏ) ਦੇ ਡਾਇਰੈਕਟਰ ਜਨਰਲ ਨਸੀਰ ਅਹਿਮਦ ਨਾਸਰ ਨੇ ਦੱਸਿਆ ਕਿ ਸਾਰੀਆਂ ਮੌਤਾਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਕਰਕੇ ਵਾਪਰੇ ਹਾਦਸਿਆਂ ਕਾਰਨ ਹੋਈਆਂ ਹਨ। ਇਸ ਤੋਂ ਇਲਾਵਾ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਬਲੋਚਿਸਤਾਨ ਦੇ ਕੁੱਝ ਇਲਾਕਿਆਂ ਵਿੱਚ ਆਏ ਹੜ੍ਹ ਕਾਰਨ ਕਈ ਲੋਕ ਲਾਪਤਾ ਹਨ, ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸੇ ਦੌਰਾਨ ਜਲਵਾਯੂ ਪਰਿਵਰਤਨ ਸਬੰਧੀ ਮੰਤਰੀ ਸ਼ੈਰੀ ਰਹਿਮਾਨ ਨੇ ਦੱਸਿਆ ਕਿ ਦੇਸ਼ ਭਰ ’ਚ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਘੱਟੋ-ਘੱਟ 77 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ 39 ਮੌਤਾਂ ਬਲੋਚਿਸਤਾਨ ’ਚ ਹੋਈਆਂ ਹਨ। ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਿੰਧ ਦੇ ਝਿਮਪਿਰ ਇਲਾਕੇ ਦੇ ਠੱਟਾ ਸ਼ਹਿਰ ਵਿੱਚ ਕੋਲੇ ਦੀ ਖਾਣ ’ਚ ਮੀਂਹ ਦਾ ਪਾਣੀ ਭਰਨ ਕਾਰਨ 8 ਮਜ਼ਦੂਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।