ਸੰਯੁਕਤ ਰਾਸ਼ਟਰ, 3 ਨਵੰਬਰ
ਭਾਰਤ ਨੇ ਪਾਕਿਸਤਾਨ ’ਤੇ ਦੋਸ਼ ਲਾਇਆ ਕਿ ਉਹ ਸਰਹੱਦ ਪਾਰ ਅਤਿਵਾਦ ਨੂੰ ਹੁਲਾਰਾ ਦੇਣ ਲਈ ਕਰੋਨਾਵਾਇਰਸ ਮਹਾਮਾਰੀ ਦਾ ਫਾਇਦਾ ਉਠਾ ਰਿਹਾ ਹੈ। ਉਸ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਭਾਰਤ ਦੇ ਧਾਰਮਿਕ ਭਾਈਚਾਰਿਆਂ ਵਿਚਾਲੇ ਫੁੱਟ ਪਾਉਣ ਲਈ ਨਫ਼ਰਤ ਪੈਦਾ ਕਰਨ ਵਾਲੇ ਭਾਸ਼ਣਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਿਹਾ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਸਕੱਤਰ ਆਸ਼ੀਸ਼ ਸ਼ਰਮਾ ਨੇ ਨਸਲਵਾਦ, ਹੋਰਨਾਂ ਸੰਸਕ੍ਰਿਤੀਆਂ ਜਾਂ ਦੇਸ਼ਾਂ ਦੇ ਲੋਕਾਂ ਨਾਲ ਨਫ਼ਰਤ ਅਤੇ ਸਬੰਧਤ ਅਸਹਿਣਸ਼ੀਲਤਾ ਦੇ ਸਮਕਾਲੀ ਰੂਪਾਂ ਬਾਰੇ ਸੰਬੋਧਨ ਦੌਰਾਨ ਕਿਹਾ ਕਿ ਪਾਕਿਸਤਾਨ ਭਾਰਤ ’ਚ ਨਾ ਸਿਰਫ਼ ਇੱਕ ਭਾਈਚਾਰੇ ਖ਼ਿਲਾਫ਼ ਹੀ ਨਫ਼ਰਤ ਪੈਦਾ ਕਰਨ ਵਾਲੇ ਬਿਆਨ ਦੇ ਰਿਹਾ ਹੈ ਬਲਕਿ ਜਥੇਬੰਦੀਆਂ, ਵਿਅਕਤੀਆਂ ਤੇ ਸਿਖਰਲੇ ਆਗੂਆਂ ਖ਼ਿਲਾਫ਼ ਵੀ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਆਲਮੀ ਮਹਾਮਾਰੀ ਕਾਰਨ ਦੁਨੀਆਂ ਰੁਕੀ ਪਈ ਹੈ ਪਰ ਪਾਕਿਸਤਾਨ ਨੇ ਇਸ ਮਹਾਮਾਰੀ ਦਾ ਫਾਇਦਾ ਉਠਾਉਂਦਿਆਂ ਸਰਹੱਦ ਪਾਰ ਅਤਿਵਾਦ ਲਈ ਆਪਣੀ ਹਮਾਇਤ ਹੋਰ ਵਧਾਈ ਹੈ।’ ਉਨ੍ਹਾਂ ਕਿਹਾ, ‘ਸਾਡੇ ਦੇਸ਼ ’ਚ ਹਿੰਸਾ ਤੇ ਅਸਹਿਣਸ਼ੀਲਤਾ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਦਿਆਂ ਨਫ਼ਰਤ ਪੈਦਾ ਕਰਨ ਵਾਲੇ ਭਾਸ਼ਣ ਖੁੱਲ੍ਹ ਕੇ ਦਿੱਤੇ। ਪਾਕਿਸਤਾਨ ਸਾਡੇ ਧਾਰਮਿਕ ਭਾਈਚਾਰਿਆਂ ਵਿਚਾਲੇ ਫੁੱਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਦੀਆਂ ਕੋਸ਼ਿਸ਼ਾਂ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਭਾਰਤ ’ਚ ਬਹੁਲਵਾਦ ਦੀ ਰਵਾਇਤ ਹੈ।’
-ਪੀਟੀਆਈ