ਇਸਲਾਮਾਬਾਦ, 18 ਮਈ
ਇੱਥੇ ਕੁਫ਼ਰ ਤੋਲਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ ਲਿਆਂਦੇ ਇੱਕ ਮੁਲਜ਼ਮ ਦੀ ਕੁੱਟਮਾਰ ਲਈ ਡੰਡਿਆਂ ਅਤੇ ਰਾਡਾਂ ਨਾਲ ਲੈਸ ਭੀੜ ਵੱਲੋਂ ਇੱਕ ਪੁਲੀਸ ਸਟੇਸ਼ਨ ’ਤੇ ਹਮਲਾ ਕਰ ਦਿੱਤਾ ਗਿਆ। ‘ਦਿ ਡਾਅਨ’ ਅਖ਼ਬਾਰ ਮੁਤਾਬਕ ਦਰਜਨਾਂ ਪਿੰਡ ਵਾਸੀਆਂ ਵੱਲੋਂ ਇਸਲਾਮਾਬਾਦ ਵਿੱਚ ਸਥਿਤ ਗੋਲਰਾ ਪੁਲੀਸ ਸਟੇਸ਼ਨ ’ਤੇ ਹਮਲਾ ਕਰ ਦਿੱਤਾ ਗਿਆ। ਉਹ ਪੁਲੀਸ ਅਧਿਕਾਰੀਆਂ ਨੂੰ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਮੁਲਜ਼ਮ ਨੂੰ ਫੜ ਕੇ ਲਿਆਉਣ ਦੇ ਕੁਝ ਮਿੰਟਾਂ ਵਿੱਚ ਹੀ ਵੱਡੀ ਗਿਣਤੀ ਵਿੱਚ ਲੋਕ ਸਟੇਸ਼ਨ ਦੇ ਗੇਟ ਦੇ ਬਾਹਰ ਇਕੱਠੇ ਹੋ ਗਏ ਤੇ ਪੁਲੀਸ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਸ ਹਮਲੇ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਆਪਣੀ ਤੇ ਮੁਲਜ਼ਮ ਦੀ ਜਾਨ ਲੌਕਅਪ ਤੇ ਹੋਰ ਕਮਰਿਆਂ ਵਿੱਚ ਖੁਦ ਨੂੰ ਬੰਦ ਕਰ ਕੇ ਬਚਾਈ ਤੇ ਨੇੜਲੇ ਪੁਲੀਸ ਸਟੇਸ਼ਨ ਨੂੰ ਮਦਦ ਲਈ ਫੋਨ ਕੀਤਾ।
ਇਸ ਮੌਕੇ ਪੁੱਜੇ ਅਤਿਵਾਦ ਵਿਰੋਧੀ ਵਿਭਾਗ ਦੇ ਮੁਲਾਜ਼ਮ, ਐਂਟੀ ਟੈਰੇਰਿਸਟ ਸਕੁਐਡ ਤੇ ਐਂਟੀ ਰਾਇਟਸ ਯੂਨਿਟ ਪੁੱਜੀ ਤੇ ਆਪਣੇ ਸਾਥੀਆਂ ਦੀ ਜਾਨ ਬਚਾਈ। ਪਿੰਡ ਵਾਸੀਆਂ ਤੇ ਪੁਲੀਸ ਵਿਚਾਲੇ ਇਹ ਲੜਾਈ ਲਗਪਗ ਇੱਕ ਘੰਟਾ ਚੱਲੀ। ਇਸ ਹਮਲੇ ਵਿੱਚ ਜ਼ਖ਼ਮੀ ਹੋਣ ਵਾਲੇ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਪਤਾ ਨਹੀਂ ਲੱਗ ਸਕੀ ਹੈ। ਇਸ ਦੌਰਾਨ ਪੁਲੀਸ ਮੁਲਜ਼ਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਿਸੇ ਅਣਦੱਸੀ ਥਾਂ ਲੈ ਗਈ ਹੈ। ਇਸ ਮਗਰੋਂ ਪੁਲੀਸ ਨੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ। -ਪੀਟੀਆਈ