ਇਸਲਾਮਾਬਾਦ, 2 ਅਕਤੂਬਰ
ਪਾਕਿਸਤਾਨ ’ਚ ਸ਼ਾਹਬਾਜ਼ ਸ਼ਰੀਫ਼ ਮੰਤਰੀ ਮੰਡਲ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਆਡੀਓ ਲੀਕ ਨੂੰ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਸਬੰਧ ’ਚ ਰਸਮੀ ਤੌਰ ’ਤੇ ਫ਼ੈਸਲਾ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਹੁਣੇ ਜਿਹੇ ਲੀਕ ਹੋਏ ਆਡੀਓ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਤਿੰਨ ਆਗੂਆਂ ਨੂੰ ਪਾਰਟੀ ਪ੍ਰਧਾਨ ਇਮਰਾਨ ਖ਼ਾਨ ਨਾਲ ਅਮਰੀਕੀ ਸਾਈਫਰ (ਗੁਪਤ ਦਸਤਾਵੇਜ਼) ਬਾਰੇ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਲੀਕ ਹੋਏ ਆਡੀਓ ’ਚ ਇਮਰਾਨ ਆਪਣੀ ਸਰਕਾਰ ਨੂੰ ਡੇਗਣ ਦੀ ਕਥਿਤ ਸਾਜ਼ਿਸ਼ ਬਾਰੇ ਗੱਲ ਕਰ ਰਹੇ ਹਨ। ਆਡੀਓ ਲੀਕ ਹੋਣ ਦਾ ਨੋਟਿਸ ਲੈਂਦਿਆਂ ਕੈਬਨਿਟ ਨੇ 30 ਸਤੰਬਰ ਨੂੰ ਇਕ ਕਮੇਟੀ ਬਣਾਈ ਸੀ। ਕਮੇਟੀ ਨੇ ਇਸ ਆਡੀਓ ਲੀਕ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ‘ਜੀਓ ਨਿਊਜ਼’ ਦੀ ਰਿਪੋਰਟ ਮੁਤਾਬਕ ਕੈਬਨਿਟ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਇਹ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਜਿਸ ਦਾ ਕੌਮੀ ਹਿੱਤਾਂ ’ਤੇ ਗੰਭੀਰ ਅਸਰ ਪੈਂਦਾ ਹੈ ਅਤੇ ਇਸ ਸਬੰਧ ’ਚ ਕਾਨੂੰਨੀ ਕਾਰਵਾਈ ਅਹਿਮ ਹੈ। ਸੰਘੀ ਜਾਂਚ ਏਜੰਸੀ ਨੂੰ ਅਮਰੀਕੀ ਸਾਈਫਰ ਅਤੇ ਆਡੀਓ ਲੀਕ ਦੀ ਜਾਂਚ ਦਾ ਕੰਮ ਸੌਂਪਿਆ ਜਾਵੇਗਾ। ਇਸ ਦੌਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਆਗੂ ਮਰੀਅਮ ਨਵਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠਲੀ ਸਰਕਾਰ ਨਾਲ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇੰਨੇ ਸਾਰੇ ਦੋਸ਼ ਹੋਣ ਦੇ ਬਾਵਜੂਦ ਸਰਕਾਰ ਇਮਰਾਨ ਨੂੰ ਗ੍ਰਿਫ਼ਤਾਰ ਕਰਨ ’ਚ ਨਾਕਾਮ ਰਹੀ ਹੈ। -ਪੀਟੀਆਈ
ਕੈਬਨਿਟ ਮੀਟਿੰਗ ’ਚ ਮੋਬਾਈਲ ਫੋਨ ਬਾਹਰ ਰਖਵਾਏ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਆਡੀਓ ਲੀਕ ਹੋਣ ਮਗਰੋਂ ਕੈਬਨਿਟ ਦੀ ਮੀਟਿੰਗ ’ਚੋਂ ਸਰਕਾਰ ਨੇ ਮੋਬਾਈਲ ਫੋਨ ਬਾਹਰ ਰਖਵਾ ਲਏ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਉਸ ਸਮੇਂ ਤੱਕ ਨਹੀਂ ਹੋਈ ਜਦੋਂ ਤੱਕ ਸਾਰੇ ਮੰਤਰੀਆਂ ਦੇ ਮੋਬਾਈਲ ਫੋਨ ਲੈ ਕੇ ਕਮਰੇ ਤੋਂ ਬਾਹਰ ਨਹੀਂ ਰੱਖ ਦਿੱਤੇ ਗਏ। ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੇ ਘਰ ’ਚ ਅਮਲੇ ਦੇ ਮੈਂਬਰਾਂ ਨੂੰ ਇਮਾਰਤ ਅੰਦਰ ਮੋਬਾਈਲ ਫੋਨ ਨਹੀਂ ਲਿਜਾਣ ਦਿੱਤੇ ਗਏ ਸਨ। -ਆਈਏਐਨਐਸ