ਇਸਲਾਮਾਬਾਦ, 8 ਜੂਨ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਜਪਾ ਦੇ ਮੁਅੱਤਲ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਹਾਲ ਹੀ ਵਿੱਚ ਕੀਤੀਆਂ ਵਿਵਾਦਤ ਟਿੱਪਣੀਆਂ ਕਾਰਨ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਹਰ ਤਰ੍ਹਾਂ ਦੇ ਸਬੰਧ ਖਤਮ ਕਰ ਦਿੱਤੇ ਜਾਣ ਤੇ ਇਨ੍ਹਾਂ ਟਿੱਪਣੀਆਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਜਾਵੇ। ਹਾਲ ਹੀ ਵਿੱਚ ਸੱਤਾ ਤੋਂ ਲਾਂਭੇ ਹੋਏ ਇਮਰਾਨ ਖਾਨ, ਜੋ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਵੀ ਹਨ, ਨੇ ਇਹ ਪ੍ਰਗਟਾਵਾ ਇਥੇ ਵਕੀਲਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ ਪਾਕਿਸਤਾਨ ਸਰਕਾਰ ਨੂੰ ਵੀ ਅਰਬ ਮੁਲਕਾਂ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਸਬੰਧ ਤੋੜਨ ਤੋਂ ਇਲਾਵਾ ਭਾਰਤੀ ਉਤਪਾਦਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ। ਬੀਤੇ ਸੋਮਵਾਰ ਵੀ ਇਮਰਾਨ ਖਾਨ ਨੇ ਭਾਜਪਾ ਆਗੂਆਂ ਦੀ ਟਿੱਪਣੀ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਾਰਤ ’ਚ ਮੁਸਲਿਮ ਭਾਈਚਾਰੇ ਖ਼ਿਲਾਫ਼ ਜਾਣਬੁੱਝ ਕੇ ਨਫਰਤ ਦੀ ਭਾਵਨਾ ਤੇ ਹਿੰਸਾ ਫੈਲਾਉਣ ਦਾ ਦੋਸ਼ ਲਗਾਇਆ ਸੀ। ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸਰੀਫ਼ ਨੇ ਵੀ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੀ ਨਿੰਦਾ ਕੀਤੀ ਸੀ। -ਪੀਟੀਆਈ
9.5 ਲੱਖ ਕਰੋੜ ਦਾ ਬਜਟ ਪੇਸ਼ ਕਰੇਗਾ ਪਾਕਿਸਤਾਨ
ਇਸਲਾਮਾਬਾਦ: ਆਰਥਿਕ ਮੰਦੀ ਝੱਲ ਰਹੇ ਪਾਕਿਸਤਾਨ ਵੱਲੋਂ 9.5 ਲੱਖ ਕਰੋੜ ਦਾ ਬਜਟ ਪੇਸ਼ ਕਰਨ ਦੀ ਸੰਭਾਵਨਾ ਹੈ, ਜਿਸ ਦਾ 58 ਫੀਸਦੀ ਹਿੱਸਾ ਕਰਜ਼ਾ ਅਦਾ ਕਰਨ ਅਤੇ ਰੱਖਿਆ ’ਤੇ ਖਰਚ ਕੀਤਾ ਜਾਵੇਗਾ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਮਾਲੀਏ ਵਿੱਚ ਇੱਕ-ਚੌਥਾਈ ਵਾਧੇ ਵਾਲਾ ਇਹ ਬਜਟ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾਵੇਗਾ। ਮਾਲੀਆ ਵਧਾਉਣ ਦਾ ਉਦੇਸ਼ ਕੌਮੀ ਮੁਦਰਾ ਫੰਡ (ਆਈਐਮਐਫ) ਦੀ ਮੁੱਖ ਸ਼ਰਤ ਨੂੰ ਪੂਰਾ ਕਰਨਾ ਹੈ। ਨਵੇਂ ਬਜਟ ਦਾ ਵੱਡਾ ਹਿੱਸਾ 5.5 ਲੱਖ ਕਰੋੜ ਰੁਪਏ ਸਿਰਫ ਕਰਜ਼ੇ ਚੁਕਾਉਣ ਅਤੇ ਰੱਖਿਆ ’ਤੇ ਖਰਚਿਆ ਜਾਵੇਗਾ। ਸਿਰਫ ਇੱਕ ਸਾਲ ਵਿੱਚ ਕਰਜ਼ਾ 80 ਹਜ਼ਾਰ ਕਰੋੜ ਰੁਪਏ ਤੋਂ ਵਧ ਗਿਆ ਹੈ, ਜੋ ਚਿੰਤਾਜਨਕ ਹੈ। ਪਿਛਲੇ ਬਜਟ ਵਿੱਚ ਇਨ੍ਹਾਂ ਦੋਹਾਂ ਨੂੰ ਬਜਟ ਦਾ ਅੱਧਾ ਹਿੱਸਾ ਦਿੱਤਾ ਗਿਆ ਸੀ। ਰੱਖਿਆ ਸੇਵਾਵਾਂ ਦਾ ਹਿੱਸਾ ਸਥਿਰ ਰਿਹਾ ਪਰ ਕਰਜ਼ਾ ਬਹੁਤ ਜ਼ਿਆਦਾ ਵਧ ਗਿਆ। -ਪੀਟੀਆਈ