ਨਿਊਯਾਰਕ, 19 ਅਗਸਤ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਯੂਐੱਨ ਸੁਰੱਖਿਆ ਕੌਂਸਲ ਵਿੱਚ ਬੋਲਦਿਆਂ ਅੱਜ ਕਿਹਾ ਕਿ ਲਸ਼ਕਰ ਤੇ ਜੈਸ਼ ਵਰਗੇ ਪਾਕਿਸਤਾਨ ਆਧਾਰਿਤ ਦਹਿਸ਼ਤੀ ਗੁਟ ਬਿਨਾਂ ਕਿਸੇ ਭੈਅ ਦੇ ਆਪਣੀਆਂ ਕਾਰਵਾਈਆਂ ਚਲਾ ਰਹੇ ਹਨ। ਉਨ੍ਹਾਂ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ‘ਅਤਿਵਾਦ ਦੇ ਬੈਂਤ’ ਨੂੰ ਲੈ ਕੇ ਚੋਣਵਾਂ ਨਜ਼ਰੀਆ ਰੱਖਣ ਦੀ ਥਾਂ ਅਜਿਹੇ ਮੁਲਕਾਂ ਖ਼ਿਲਾਫ਼ ਖੁੱਲ੍ਹ ਕੇ ਬੋਲਣ ਦੀ ਦਲੇਰੀ ਵਿਖਾਉਣ ਜੋ ਇਨ੍ਹਾਂ ਦਹਿਸ਼ਤੀ ਗੁਟਾਂ, ਜਿਨ੍ਹਾਂ ਦੇ ਹੱਥਾਂ ਉੱਤੇ ਬੇਕਸੂਰ ਲੋਕਾਂ ਦਾ ਖ਼ੂਨ ਹੈ, ਨੂੰ ਸਰਪ੍ਰਸਤੀ ਦੇ ਨਾਲ ਹਮਾਇਤ ਦਿੰਦੇ ਹਨ।
ਇਸ ਦੌਰਾਨ ਜੈਸ਼ੰਕਰ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਹੀ ਦੇਸ਼ ਪਰਤ ਆਉਣਗੇ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਸੰਯੁਕਤ ਰਾਸ਼ਟਰ ਤੋਂ ਮੈਕਸਿਕੋ, ਪਨਾਮਾ ਤੇ ਗੁਏਨਾ ਦੀ ਯਾਤਰਾ ਕਰਨ ਦਾ ਵੀ ਪ੍ਰੋਗਰਾਮ ਸੀ। ਕਾਬਿਲੇਗੌਰ ਹੈ ਕਿ ਜੈਸ਼ੰਕਰ ਚਾਰ ਰੋਜ਼ਾ ਫੇਰੀ ਤਹਿਤ ਸੋਮਵਾਰ ਨੂੰ ਅਮਰੀਕਾ ਪੁੱਜੇ ਸਨ। ਉਨ੍ਹਾਂ ਇਥੇ ਤਕਨਾਲੋਜੀ, ਸ਼ਾਂਤੀ ਸਥਾਪਨਾ ਅਤੇ ਅਤਿਵਾਦ ਦੇ ਟਾਕਰੇ ਲਈ ਯੂਐੱਨ ਸੁਰੱਖਿਆ ਕੌਂਸਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨੀ ਸੀ। ਜੈਸ਼ੰਕਰ ਨੇ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਅੱਜ ਇਥੇ ਅਤਿਵਾਦ ਦੇ ਟਾਕਰੇ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੁਰੱਖਿਆ ਕੌਂਸਲ ਨੇ ‘ਕੌਮਾਂਤਰੀ ਅਮਨ ਤੇ ਸੁਰੱਖਿਆ ਨੂੰ ਦਹਿਸ਼ਤੀ ਕਾਰਵਾਈਆਂ ਕਰਕੇ ਦਰਪੇਸ਼ ਖਤਰੇ’ ਦੇ ਏਜੰਡੇ ਤਹਿਤ ਆਈਐੱਸਆਈਐੈੱਲ/ ਦਾਇਸ਼ ਵੱਲੋਂ ਦਰਪੇਸ਼ ਖ਼ਤਰੇ ਬਾਰੇ ਸਕੱਤਰ ਜਨਰਲ ਦੀ ਛਿਮਾਹੀ ਰਿਪੋਰਟ ’ਤੇ ਚਰਚਾ ਕੀਤੀ। -ਪੀਟੀਆਈ