ਇਸਲਾਮਾਬਾਦ, 25 ਜੂਨ
ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੁਬਈ ਵਿੱਚ ਬਿਮਾਰ ਸਾਬਕਾ ਰਾਸ਼ਟਰਪਤੀ ਅਤੇ ਫੌਜ ਮੁਖੀ
ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ੱਰਫ ਨਾਲ ਮੁਲਾਕਾਤ ਕੀਤੀ। ‘ਦਿ ਐਕਸਪ੍ਰੈੱਸ’ ਅਖਬਾਰ ਨੇ ਇੱਕ ਸੂਤਰ ਦੇ ਹਵਾਲੇ ਨਾਲ ਆਪਣੀ ਖ਼ਬਰ ਵਿੱਚ ਕਿਹਾ ਕਿ ਪਾਕਿਸਤਾਨੀ ਸੈਨਾ ਦੇ ਉੱਚ ਮੈਡੀਕਲ ਮਾਹਿਰਾਂ ਨਾਲ ਪਹੁੰਚੇ ਜਨਰਲ ਬਾਜਵਾ ਨੇ ਮੁਸ਼ੱਰਫ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁਬਈ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਕੁਝ ਸਮਾਂ ਬਿਤਾਇਆ। ਇਸ ਦੌਰਾਨ ਡਾਕਟਰਾਂ ਨੇ ਮੁਸ਼ੱਰਫ ਦੀ ਸਿਹਤ ਜਾਂਚ ਕੀਤੀ। ਦੱਸਣਯੋਗ ਹੈ ਕਿ ਸਾਬਕਾ ਸੈਨਾ ਮੁਖੀ ਮੁਸ਼ੱਰਫ ‘ਐਮੀਲੋਇਡੋਸਿਸ’ ਨਾਮੀ ਬਿਮਾਰੀ ਤੋਂ ਪੀੜਤ ਹਨ। ਹਾਲਾਂਕਿ ਫੌਜ ਦੇ ਮੀਡੀਆ ਵਿੰਗ ਨੇ ਬਾਜਵਾ ਦੀ ਦੁਬਈ ਯਾਤਰਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।