ਇਸਲਾਮਾਬਾਦ, 25 ਅਗਸਤ
ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਖ਼ਿਲਾਫ਼ ਦਰਜ ਹੋਏ ਅਤਿਵਾਦ ਦੇ ਇਕ ਕੇਸ ਵਿੱਚ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਇਮਰਾਨ ਖਾਨ ਖ਼ਿਲਾਫ ਇਹ ਕੇਸ ਪਿਛਲੇ ਹਫ਼ਤੇ ਇੱਥੇ ਇਕ ਰੈਲੀ ਦੌਰਾਨ ਪੁਲੀਸ, ਨਿਆਂ ਪ੍ਰਣਾਲੀ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਹੇਠ ਦਰਜ ਕੀਤਾ ਗਿਆ ਸੀ।
ਇੱਥੇ ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਰਾਜਾ ਜਵਾਦ ਹਸਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ’ਤੇ ਪਹਿਲੀ ਸਤੰਬਰ ਤੱਕ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਮਾਨਤ ਸਬੰਧੀ ਅਰਜ਼ੀ ਅੱਜ ਅਦਾਲਤ ਵਿੱਚ ਦਾਇਰ ਕੀਤੀ ਗਈ। ਪਟੀਸ਼ਨਰ ਦਾ ਕਹਿਣਾ ਸੀ ਕਿ ਉਨ੍ਹਾਂ ਖ਼ਿਲਾਫ਼ ਅਤਿਵਾਦ ਦਾ ਦਰਜ ਕੀਤਾ ਗਿਆ ਕੇਸ ਪੁਲੀਸ ਦੀ ‘ਬਦਲੇ ਦੀ ਕਾਰਵਾਈ’ ਹੈ।
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦੀ ਪਾਰਟੀ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਨੂੰ ਹਿਰਾਸਤ ’ਚ ਲਿਆ ਜਾਂਦਾ ਹੈ ਤਾਂ ਸਮਰਥਕ ਸੜਕਾਂ ’ਤੇ ਉਤਰਨ ਅਤੇ ਅਗਲੇ ਦਿਨ ਇਸਲਾਮਾਦ ਵੱਲ ਵਧਣ। ਸੰਘੀ ਨਿਆਂਇਕ ਕੰਪਲੈਕਸ ਜਿੱਥੇ ਕਿ ਸੁਣਵਾਈ ਹੋਈ, ਦੁਆਲੇ ਸੁਰੱਖਿਆ ਕਾਫੀ ਸਖਤ ਸੀ। ਕੰਪਲੈਕਸ ਨੇੜਲੀਆਂ ਸੜਕਾਂ ਬੰਦ ਕੀਤੀਆਂ ਹੋਈਆਂ ਸਨ।
ਇਮਰਾਨ ਖਾਨ (69) ਖ਼ਿਲਾਫ਼ ਇਕ ਦਿਨ ਪਹਿਲਾਂ ਇਸਲਾਮਾਬਾਦ ’ਚ ਇਕ ਜਨਤਕ ਰੈਲੀ ਦੌਰਾਨ ਇਕ ਮਹਿਲਾ ਜੱਜ ਅਤੇ ਇਕ ਸੀਨੀਅਰ ਪੁਲੀਸ ਅਧਿਕਾਰੀ ਨੂੰ ਧਮਕਾਉਣ ਦੇ ਦੋਸ਼ ਹੇਠ ਅਤਿਵਾਦ ਵਿਰੋਧੀ ਐਕਟ (ਅਤਿਵਾਦ ਸਬੰਧੀ ਗਤੀਵਿਧੀਆਂ ਲਈ ਸਜ਼ਾ) ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ