ਇਸਲਾਮਾਬਾਦ, 28 ਅਕਤੂਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਦੀ ਅਗਲੇ ਹਫ਼ਤੇ ਦੀ ਚੀਨ ਦੀ ਪਹਿਲੀ ਫੇਰੀ ਦੌਰਾਨ ਦੋਵੇਂ ਮੁਲਕਾਂ ਨੇ ਕਰਾਚੀ ਤੋਂ ਪਿਸ਼ਾਵਰ ਤਕ ਬਣਨ ਵਾਲੇ ਰੇਲ ਮਾਰਗ ਲਈ ਸਹਿਮਤੀ ਜ਼ਾਹਿਰ ਕੀਤੀ ਹੈ। ਇਕ ਰਿਪੋਰਟ ਅਨੁਸਾਰ 10 ਅਰਬ ਅਮਰੀਕੀ ਡਾਲਰ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਕਾਫ਼ੀ ਦੇਰੀ ਨਾਲ ਚੱਲ ਰਿਹਾ ਹੈ। ਇਹ ਰੇਲ ਮਾਰਗ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀਪੀਈਸੀ) ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਸ਼ਰੀਫ਼ ਉੱਚ ਪੱਧਰੀ ਵਫ਼ਦ ਸਣੇ ਪਹਿਲੀ ਨਵੰਬਰ ਨੂੰ ਪੇਈਚਿੰਗ ਜਾਣਗੇ। ਇਹ ਉੱਥੇ ਜਾਇੰਟ ਕੋਆਰਡੀਨੇਸ਼ਨ ਕਮੇਟੀ (ਜੇਸੀਸੀ) ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਨਗੇ। ਸ਼ਰੀਫ਼ ਪਹਿਲੇ ਵਿਦੇਸ਼ੀ ਆਗੂ ਹੋਣਗੇ ਜੋ ਸ਼ੀ ਜਿਨਪਿੰਗ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਤੀਜੀ ਵਾਰ ਜਨਰਲ ਸਕੱਤਰ ਬਣਨ ਮਗਰੋਂ ਮਿਲਣਗੇ।
ਦੋਵੇਂ ਮੁਲਕਾਂ ਦੇ ਜੇਸੀਸੀ ਨੇ ਵੀਰਵਾਰ ਨੂੰ ਵਰਚੁਅਲ ਮੀਟਿੰਗ ਕੀਤੀ ਸੀ ਜਿਸ ਵਿੱਚ ਕਰਾਚੀ ਤੋਂ ਪਿਸ਼ਾਵਰ ਤਕ ਰੇਲ ਮਾਰਗ ਪ੍ਰਾਜੈਕਟ ਐਮਐਲ-1 ਦੀ ਉਸਾਰੀ ਸ਼ੁਰੂ ਕਰਨ ਬਾਰੇ ਸਹਿਮਤੀ ਬਣੀ ਸੀ। ਇਸ ਮਾਰਗ ਨੂੰ ਸੀਪੀਈਸੀ ਵਿੱਚ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੀ ਉਸਾਰੀ ਕਾਫ਼ੀ ਸਮੇਂ ਤੋਂ ਪ੍ਰਭਾਵਿਤ ਰਹੀ ਹੈ।
ਸਾਲ 2013 ਵਿੱਚ ਸ਼ੁਰੂ ਹੋਏ ਸੀਪੀਈਸੀ ਪ੍ਰਾਜੈਕਟ ਤਹਿਤ ਪਾਕਿਸਤਾਨ ਦੀ ਗਵਾਦੜ ਬੰਦਰਗਾਹ ਨੂੰ ਉੱਤਰ-ਪੱਛਮੀ ਚੀਨ ਦੇ ਸ਼ਿਨਜਿਆਂਗ ਉਈਗਰ ਖ਼ੁਦਮੁਖ਼ਤਿਆਰ ਖੇਤਰ ਵਿੱਚ ਕਾਸ਼ਗਰ ਨਾਲ ਜੋੜਦਾ ਹੈ। ਇਸ ਨਾਲ ਊਰਜਾ, ਆਵਾਜਾਈ ਅਤੇ ਸਨਅਤੀ ਖੇਤਰ ਵਿੱਚ ਵੱਡਾ ਬਦਲਾਅ ਆਵੇਗਾ। 60 ਅਰਬ ਅਮਰੀਕੀ ਡਾਲਰ ਦੀ ਲਾਗਤ ਵਾਲਾ ਸੀਪੀਈਸੀ ਪ੍ਰਾਜੈਕਟ ਚੀਨ ਦੇ ਪੱਟੀ ਅਤੇ ਸੜਕ ਯੋਜਨਾ (ਬੀਆਰਆਈ) ਦਾ ਹਿੱਸਾ ਹੈ। -ਪੀਟੀਆਈ