ਮੁਲਤਾਨ, 15 ਅਕਤੂਬਰ
ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿਚਲੇ ਹਸਪਤਾਲ ਦੀ ਛੱਤ ਤੋਂ ਘੱਟੋ-ਘੱਟ 200 ਗਲੀਆਂ-ਸੜੀਆਂ ਲਾਸ਼ਾਂ ਮਿਲੀਆਂ। ਸੋਸ਼ਲ ਮੀਡੀਆ ਦੇ ਅਨੁਸਾਰ ਮੁਲਤਾਨ ਵਿੱਚ ਨਿਸ਼ਤਰ ਹਸਪਤਾਲ ਦੇ ਮੁਰਦਾਘਰ ਦੀ ਛੱਤ ਤੋਂ ਸੈਂਕੜੇ ਮਨੁੱਖੀ ਸਰੀਰ ਦੇ ਅੰਗ ਬਰਾਮਦ ਕੀਤੇ ਗਏ ਹਨ, ਜਿਸ ਤੋਂ ਬਾਅਦ ਸਰਕਾਰ ਨੇ ਘਟਨਾ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਹਸਪਤਾਲ ਦੀ ਛੱਤ ’ਤੇ ਬਣੇ ਕਮਰੇ ਵਿੱਚ ਦਰਜਨਾਂ ਲਾਸ਼ਾਂ ਸੜ ਰਹੀਆਂ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖ਼ਬਰਾਂ ਅਨੁਸਾਰ ਛੱਤ ਤੋਂ ਸੈਂਕੜੇ ਮਨੁੱਖੀ ਸਰੀਰ ਦੇ ਅੰਗ ਬਰਾਮਦ ਹੋਏ ਹਨ। ਹਾਲਾਂਕਿ ਲਾਸ਼ਾਂ ਦੀ ਗਿਣਤੀ ਬਾਰੇ ਕਿਸੇ ਵੀ ਸਰਕਾਰੀ ਅਧਿਕਾਰੀ ਦੁਆਰਾ ਕੋਈ ਪੁਸ਼ਟੀ ਜਾਂ ਇਨਕਾਰ ਨਹੀਂ ਕੀਤਾ ਗਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤਾਰਿਕ ਜ਼ਮਾਨ ਗੁੱਜਰ ਨੇ ਕਿਹਾ,‘ਮੈਂ ਜਦੋਂ ਨਿਸ਼ਤਰ ਹਸਪਤਾਲ ਦੇ ਦੌਰੇ ‘ਤੇ ਸੀ ਉਦੋਂ ਇੱਕ ਆਦਮੀ ਮੇਰੇ ਕੋਲ ਆਇਆ ਅਤੇ ਕਿਹਾ ਕਿ ਜੇ ਤੁਸੀਂ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹੋ ਤਾਂ ਮੁਰਦਾਘਰ ਜਾ ਕੇ ਜਾਂਚ ਕਰੋ।’ ਉਹ ਜਦੋਂ ਮੌਕੇ ’ਤੇ ਪੁੱਜੇ ਤਾਂ ਸਟਾਫ ਮੁਰਦਾਘਰ ਦੇ ਦਰਵਾਜ਼ੇ ਖੋਲ੍ਹਣ ਲਈ ਤਿਆਰ ਨਹੀਂ ਸੀ। ਜਦੋਂ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਤਾਂ ਦਰਵਾਜ਼ਾ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਅੰਤ ਵਿੱਚ ਮੁਰਦਾਘਰ ਖੋਲ੍ਹਿਆ ਗਿਆ ਸੀ ਤਾਂ ਅੰਦਰ ਦੇਖਿਆ ਕਿ 200 ਲਾਸ਼ਾਂ ਗਲੀਆਂ ਸੜੀਆਂ ਪਈਆਂ ਸਨ। ਲਾਸ਼ਾਂ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੀਆਂ ਨਗਨ ਹਾਲਤ ਵਿੱਚ ਸਨ। ਇੱਥੋਂ ਤੱਕ ਕਿ ਔਰਤਾਂ ਦੇ ਸਰੀਰ ਨੂੰ ਵੀ ਢੱਕਿਆ ਨਹੀਂ ਗਿਆ ਸੀ। ਗੁੱਜਰ ਨੇ ਕਿਹਾ ਕਿ ਜਦੋਂ ਡਾਕਟਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਡਾਕਟਰੀ ਦੀ ਪੜ੍ਹਾਈ ਦੇ ਮਕਸਦ ਨਾਲ ਇਨ੍ਹਾਂ ਨੂੰ ਰੱਖਿਆ ਹੋਇਆ ਹੈ।