ਕਰਾਚੀ, 11 ਸਤੰਬਰ
ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਲੱਖਾਂ ਪਾਕਿਸਤਾਨੀ ਜਿੱਥੇ ਸਰਕਾਰੀ ਮਦਦ ਉਡੀਕ ਰਹੇ ਹਨ, ਉੱਥੇ ਬਲੋਚਿਸਤਾਨ ਦੇ ਇਕ ਛੋਟੇ ਜਿਹੇ ਪਿੰਡ ਵਿਚ ਇਕ ਹਿੰਦੂ ਮੰਦਰ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ। ਇੱਥੇ ਹੜ੍ਹ ਪ੍ਰਭਾਵਿਤ 200-300 ਲੋਕਾਂ ਨੂੰ ਭੋਜਨ ਤੇ ਆਸਰਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਮੁਸਲਮਾਨ ਹਨ। ਕਛੀ ਜ਼ਿਲ੍ਹੇ ਦੇ ਜਲਾਲ ਖਾਨ ਪਿੰਡ ’ਚ ਬਾਬਾ ਮਾਧੋਦਾਸ ਦਾ ਮੰਦਰ ਉੱਚੀ ਥਾਂ ’ਤੇ ਸਥਿਤ ਹੈ। ਇਸ ਕਾਰਨ ਇਹ ਹੜ੍ਹ ਦੇ ਪਾਣੀ ਤੋਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਇੱਥੇ ਆਸਰਾ ਮਿਲਿਆ ਹੈ। ਬੋਲਾਨ, ਲਹਿਰੀ ਤੇ ਹੋਰ ਨਦੀਆਂ ਵਿਚ ਆਏ ਹੜ੍ਹ ਕਾਰਨ ਇਹ ਪਿੰਡ ਬਾਕੀ ਸੂਬੇ ਨਾਲੋਂ ਕੱਟਿਆ ਹੋਇਆ ਹੈ। ਦੂਰ-ਦਰਾਜ ਦੇ ਇਸ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਹਾਲਾਂਕਿ ਸਥਾਨਕ ਹਿੰਦੂ ਭਾਈਚਾਰੇ ਨੇ ਮੰਦਰ ਦੇ ਦਰਵਾਜ਼ੇ ਉਨ੍ਹਾਂ ਲਈ ਖੋਲ੍ਹ ਦਿੱਤੇ ਹਨ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਲੋਕਾਂ ਦੇ ਪਸ਼ੂ ਵੀ ਉਨ੍ਹਾਂ ਦੇ ਨਾਲ ਹਨ। ਸਥਾਨਕ ਲੋਕਾਂ ਮੁਤਾਬਕ ਬਾਬਾ ਮਾਧੋਦਾਸ ਵੰਡ ਤੋਂ ਪਹਿਲਾਂ ਦੇ ਹਿੰਦੂ ਸੰਤ ਸਨ ਜਿਨ੍ਹਾਂ ਨੂੰ ਇਲਾਕੇ ਦੇ ਹਿੰਦੂ ਤੇ ਮੁਸਲਮਾਨ ਬਰਾਬਰ ਮਾਨਤਾ ਦਿੰਦੇ ਸਨ। ਇਲਾਕਾ ਵਾਸੀ ਇਲਤਾਫ਼ ਬਜ਼ਦਰ ਨੇ ਦੱਸਿਆ, ‘ਉਹ ਊਠ ਉਤੇ ਸਫ਼ਰ ਕਰਦੇ ਸਨ ਤੇ ਪਿੰਡ ਵੱਲ ਆਉਂਦੇ ਸਨ’। ਉਨ੍ਹਾਂ ਧਰਮ ਦੀਆਂ ਬੰਦਿਸ਼ਾਂ ਤੋੜ ਦਿੱਤੀਆਂ ਸਨ ਤੇ ਉਹ ਜਾਤਾਂ-ਧਰਮਾਂ ਤੋਂ ਉੱਤੇ ਉੱਠ ਸਾਰਿਆਂ ਨੂੰ ਬਸ ਮਨੁੱਖਤਾ ਦੇ ਚਸ਼ਮੇ ਵਿਚੋਂ ਦੇਖਦੇ ਸਨ। -ਪੀਟੀਆਈ
ਮੰਦਰ ’ਚ ਸੌ ਤੋਂ ਵੱਧ ਕਮਰੇ, ਸਿੰਧ-ਬਲੋਚਿਸਤਾਨ ਤੋਂ ਆਉਂਦੇ ਨੇ ਲੋਕ
ਮੰਦਰ ਦੇ ਵਰਤਮਾਨ ਇੰਚਾਰਜ ਰਤਨ ਕੁਮਾਰ (55) ਜੋ ਕਿ ਬਾਗ ਨਾਰੀ ਤਹਿਸੀਲ ’ਚ ਦੁਕਾਨਦਾਰ ਵੀ ਹਨ, ਨੇ ਦੱਸਿਆ ਕਿ ਮੰਦਰ ਵਿਚ ਸੌ ਤੋਂ ਵੱਧ ਕਮਰੇ ਹਨ। ਇੱਥੇ ਹਰ ਸਾਲ ਬਲੋਚਿਸਤਾਨ ਤੇ ਸਿੰਧ ਤੋਂ ਲੋਕ ਆਉਂਦੇ ਹਨ। ਰਤਨ ਦੇ ਪੁੱਤਰ ਸਾਵਨ ਕੁਮਾਰ ਨੇ ਦੱਸਿਆ ਕਿ ਕੁਝ ਕਮਰਿਆਂ ਦਾ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ। ਪਰ ਕੁੱਲ-ਮਿਲਾ ਕੇ ਢਾਂਚਾ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਇੱਥੇ ਜਿਨ੍ਹਾਂ 200-300 ਲੋਕਾਂ ਨੇ ਸ਼ਰਨ ਲਈ ਹੈ, ਹਿੰਦੂ ਪਰਿਵਾਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਇਸ ਤੋਂ ਪਹਿਲਾਂ ਫਸੇ ਹੋਏ ਲੋਕਾਂ ਲਈ ਰਾਸ਼ਨ ਹੈਲੀਕਾਪਟਰ ਰਾਹੀਂ ਸੁੱਟਿਆ ਜਾ ਰਿਹਾ ਸੀ। -ਪੀਟੀਆਈ