ਪਿਸ਼ਾਵਰ, 21 ਮਈ
ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖ਼ਵਾ ਸੂਬਾ ਸਰਕਾਰ ਨੇ 19ਵੀਂ ਸਦੀ ਦੇ ਇਕ ਗੁਰਦੁਆਰੇ ਦੀ ਮੁਰੰਮਤ ਕਰਵਾ ਕੇ ਇਸ ਨੂੰ ਮੁੜ ਸ਼ਰਧਾਲੂਆਂ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਗੁਰਦੁਆਰਾ ਸਿੱਖ ਸ਼ਾਸਕ ਹਰੀ ਸਿੰਘ ਨਲੂਆ ਦੇ ਸ਼ਾਸਨ ਕਾਲ ਦੌਰਾਨ ਉਸਾਰਿਆ ਗਿਆ ਸੀ। ਅਧਿਕਾਰੀਆਂ ਮੁਤਾਬਕ ਵਰਤਮਾਨ ’ਚ ਮਾਨਸੇਹਰਾ ਜ਼ਿਲ੍ਹੇ ਦਾ ਇਹ ਗੁਰਦੁਆਰਾ ਬੰਦ ਹੈ ਤੇ ਇਸ ਦੀ ਵਰਤੋਂ ਇਕ ਆਰਜ਼ੀ ਲਾਇਬਰੇਰੀ ਵਜੋਂ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਨੇ ਕਿਹਾ ਕਿ ਗੁਰਦੁਆਰੇ ਦੀ ਮੁਰੰਮਤ ਨਾਲ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਕਿਉਂਕਿ ਪੂਰੇ ਸੰਸਾਰ ਵਿਚੋਂ ਕਈ ਸਿੱਖ ਸ਼ਰਧਾਲੂਆਂ ਨੇ ਇਸ ਧਾਰਮਿਕ ਸਥਾਨ ਦੇ ਦਰਸ਼ਨਾਂ ’ਚ ਦਿਲਚਸਪੀ ਲਈ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਸੂਬੇ ਦੇ ਔਕਾਫ਼ ਤੇ ਧਾਰਮਿਕ ਮਾਮਲਿਆਂ ਬਾਰੇ ਵਿਭਾਗ ਨੇ ਰਾਜ ਸਰਕਾਰ ਨੂੰ ਸਿਫਾਰਿਸ਼ ਕੀਤੀ ਸੀ ਕਿ ਇਸ ਗੁਰਦੁਆਰੇ ਦੀ ਮੁਰੰਮਤ ਦਾ ਮਾਮਲਾ ਹਿਜਰਤੀ ਪ੍ਰਾਪਰਟੀ ਟਰੱਸਟ ਬੋਰਡ, ਲਾਹੌਰ ਕੋਲ ਉਠਾਇਆ ਜਾਵੇ। ਇਹ ਬੋਰਡ ਉਨ੍ਹਾਂ ਧਾਰਮਿਕ ਸੰਪਤੀਆਂ ਤੇ ਤੀਰਥ ਸਥਾਨਾਂ ਦੀ ਸਾਂਭ-ਸੰਭਾਲ ਦਾ ਕੰਮ ਕਰਦਾ ਹੈ ਜੋ ਹਿੰਦੂਆਂ ਤੇ ਸਿੱਖਾਂ ਦੇ ਭਾਰਤ ਹਿਜਰਤ ਕਰਨ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਸਨ। ਬੋਰਡ ਨੇ ਇਸ ਗੁਰਦੁਆਰੇ ਨੂੰ ਇਤਿਹਾਸਕ ਸੰਪਤੀ ਕਰਾਰ ਦਿੱਤਾ ਹੈ ਤੇ ਖ਼ੈਬਰ ਦੇ ਸਥਾਨਕ ਸਰਕਾਰਾਂ ਵਿਭਾਗ ਨੂੰ ਗੁਰਦੁਆਰੇ ਦੀ ਇਮਾਰਤ ਨੂੰ ਖਾਲੀ ਕਰਨ ਲਈ ਕਿਹਾ ਦਿੱਤਾ ਹੈ। ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਰੰਮਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰੀ ਸਿੰਘ ਨਲੂਆ (1791-1837) ਸਿੱਖ ਸਾਮਰਾਜ ਦੇ ਕਮਾਂਡਰ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਤੇ ਜਮਰੂਦ ਦੀਆਂ ਜੰਗਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ਕਰੀਬ 56 ਇਮਾਰਤਾਂ ਜਿਨ੍ਹਾਂ ਵਿਚ ਕਈ ਕਿਲ੍ਹੇ, ਬੁਰਜ, ਗੁਰਦੁਆਰੇ ਸ਼ਾਮਲ ਹਨ, ਉਸਾਰੇ ਗਏ ਸਨ। -ਪੀਟੀਆਈ