ਇਸਲਾਮਾਬਾਦ, 4 ਜੁਲਾਈ
ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਆਪਣੇ ਕਮਾਂਡਰਾਂ ਤੇ ਅਧਿਕਾਰੀਆਂ ਨੂੰ ਨਵੇਂ ਸਿਰਿਓਂ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਿਆਸਤ ਤੋਂ ਦੂਰ ਰਹਿਣ। ਉਨ੍ਹਾਂ ਮੁਲਕ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਅਧਿਕਾਰੀਆਂ ਨੂੰ ਵੀ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸੱਤਾ ਤੋਂ ਬਾਹਰ ਹੋਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਏ ਸਨ ਕਿ ਦੇਸ਼ ਦੀ ਖ਼ੁਫ਼ੀਆ ਏਜੰਸੀ ਦੇ ਕੁਝ ਅਧਿਕਾਰੀ ਪਾਕਿਸਤਾਨ ਦੇ ਪੰਜਾਬ ਸੂਬੇ ਦੀਆਂ ਆਗਾਮੀ ਜ਼ਿਮਨੀ ਚੋਣਾਂ ਵਿਚ ‘ਹੇਰ-ਫੇਰ’ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਦੀ ਫ਼ੌਜ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਇਹ ਭਵਿੱਖ ਵਿਚ ਵੀ ਸਿਆਸਤ ਤੋਂ ਦੂਰ ਹੀ ਰਹੇਗੀ। ਜਨਰਲ ਬਾਜਵਾ ਨੇ ਨਾਲ ਹੀ ਕਿਹਾ ਕਿ ਫ਼ੌਜੀ ਕਮਾਂਡਰ ਸਿਆਸਤਦਾਨਾਂ ਨਾਲ ਮਿਲਣ ਤੋਂ ਵੀ ਗੁਰੇਜ਼ ਕਰਨ। ਇਮਰਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਦੋਸ਼ ਲਾਇਆ ਸੀ ਕਿ ਆਈਐੱਸਆਈ ਦੇ ਅਧਿਕਾਰੀ ਚੋਣਾਂ ਵਿਚ ਪਾਰਟੀ ਦਾ ਨੁਕਸਾਨ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਏਜੰਸੀ ਦੇ ਸੈਕਟਰ ਕਮਾਂਡਰ (ਲਾਹੌਰ) ਬ੍ਰਿਗੇਡੀਅਰ ਰਾਸ਼ਿਦ ਚੋਣ ਪ੍ਰਕਿਰਿਆ ਵਿਚ ਦਖ਼ਲ ਦੇ ਰਹੇ ਹਨ ਜਦਕਿ ਰੱਖਿਆ ਸੂਤਰਾਂ ਨੇ ਦੋਸ਼ ਨਕਾਰਦਿਆਂ ਕਿਹਾ ਸੀ ਕਿ ਰਾਸ਼ਿਦ ਪਿਛਲੇ ਕਈ ਦਿਨਾਂ ਤੋਂ ਇਸਲਾਮਾਬਾਦ ਵਿਚ ਹਨ। ਸਾਬਕਾ ਵਿਦੇਸ਼ ਮੰਤਰੀ ਤੇ ਪੀਟੀਆਈ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਅਜਿਹੇ ਹੀ ਦੋਸ਼ ਲਾਏ ਸਨ। -ਪੀਟੀਆਈ