ਮੁੱਖ ਅੰਸ਼
- ਮੋਦੀ ਨੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਕੀਤਾ ਜ਼ਿਕਰ
- ਭਾਰਤ ’ਚ ਉਭਰ ਰਹੇ ਸਵੱਛ ਊਰਜਾ ਤਕਨੀਕ ਬਾਜ਼ਾਰ ’ਚ ਨਿਵੇਸ਼ ਦਾ ਦਿੱਤਾ ਸੱਦਾ
ਐਲਮਾਊ (ਜਰਮਨੀ), 27 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਲਵਾਯੂ ਸੰਭਾਲ ਸਬੰਧੀ ਭਾਰਤ ਦੀ ਪ੍ਰਤੀਬੱਧਤਾ ਉਸ ਦੇ ਕੰਮਾਂ ਤੋਂ ਸਪੱਸ਼ਟ ਹੁੰਦੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਜੀ-7 ਦੇ ਅਮੀਰ ਮੁਲਕ ਜਲਵਾਯੂ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨਗੇ। ਉਨ੍ਹਾਂ ਵੱਖ ਵੱਖ ਮੁਲਕਾਂ ਨੂੰ ਭਾਰਤ ਵਿੱਚ ਉਭਰ ਰਹੇ ਸਵੱਛ ਊਰਜਾ ਤਕਨੀਕ ਦੇ ਵੱਡੇ ਬਾਜ਼ਾਰ ਦਾ ਫਾਇਦਾ ਲਾਹਾ ਲੈਣ ਦਾ ਸੱਦਾ ਵੀ ਦਿੱਤਾ।
ਜੀ-7 ਸਿਖਰ ਸੰਮੇਲਨ ਦੌਰਾਨ ‘ਬਿਹਤਰ ਭਵਿੱਖ ’ਚ ਨਿਵੇਸ਼: ਜਲਵਾਯੂ, ਊਰਜਾ, ਸਿਹਤ’ ਸਬੰਧੀ ਸੈਸ਼ਨ ’ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਟਰੈਕ ਰਿਕਾਰਡ ਨੂੰ ਉਭਾਰਿਆ ਤੇ ਕਿਹਾ ਕਿ ਭਾਰਤ ਨੇ ਸਮੇਂ ਤੋਂ ਪਹਿਲਾਂ ਨੌਂ ਸਾਲਾਂ ਅੰਦਰ ਊਰਜਾ ਲੋੜਾਂ ਦੇ ਟੀਚੇ ਦਾ 40 ਫੀਸਦ ਹਿੱਸਾ ਗ਼ੈਰ-ਰਵਾਇਤੀ ਸਰੋਤਾਂ ਤੋਂ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ, ‘ਪੈਟਰੋਲ ’ਚ 10 ਫੀਸਦ ਈਥਾਨੌਲ ਮਿਲਾਉਣ ਦਾ ਟੀਚਾ ਸਮੇਂ ਤੋਂ ਪੰਜ ਮਹੀਨੇ ਪਹਿਲਾਂ ਹਾਸਲ ਕੀਤਾ ਗਿਆ ਹੈ। ਭਾਰਤ ਕੋਲ ਦੁਨੀਆ ਦਾ ਪਹਿਲਾ ਪੂਰਨ ਤੌਰ ’ਤੇ ਸੂਰਜੀ ਊਰਜਾ ਨਾਲ ਚੱਲਣ ਵਾਲਾ ਹਵਾਈ ਅੱਡਾ ਹੈ। ਭਾਰਤ ਦੀ ਵੱਡੀ ਰੇਲਵੇ ਪ੍ਰਣਾਲੀ ਇਸ ਦਹਾਕੇ ਅੰਦਰ ਜ਼ੀਰੋ ਨਿਕਾਸੀ ਵਾਲੀ ਬਣ ਜਾਵੇਗੀ।’ ਉਨ੍ਹਾਂ ਕਿਹਾ, ‘ਜਦੋਂ ਭਾਰਤ ਵਰਗਾ ਵੱਡਾ ਦੇਸ਼ ਅਜਿਹੀ ਖਾਹਿਸ਼ ਰੱਖਦਾ ਹੈ ਤਾਂ ਹੋਰ ਵਿਕਾਸਸ਼ੀਲ ਮੁਲਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਸਾਨੂੰ ਉਮੀਦ ਹੈ ਕਿ ਜੀ-7 ਦੇ ਅਮੀਰ ਮੁਲਕ ਭਾਰਤ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨਗੇ। ਅੱਜ ਭਾਰਤ ਵਿੱਚ ਸਵੱਛ ਊਰਜਾ ਤਕਨੀਕ ਦਾ ਵੱਡਾ ਬਾਜ਼ਾਰ ਉੱਭਰ ਰਿਹਾ ਹੈ।’ ਮੋਦੀ ਨੇ ਕਿਹਾ ਕਿ ਜੀ-7 ਦੇ ਦੇਸ਼ ਇੱਥੇ ਖੋਜ, ਕਾਢਾਂ ਤੇ ਨਿਰਮਾਣ ਦੇ ਖੇਤਰ ’ਚ ਨਿਵੇਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਹਰ ਨਵੀਂ ਤਕਨੀਕ ਲਈ ਜੋ ਮਾਪਦੰਡ ਮੁਹੱਈਆ ਕਰ ਸਕਦਾ ਹੈ, ਉਸ ਨਾਲ ਉਹ ਤਕਨੀਕ ਪੂਰੀ ਦੁਨੀਆ ਲਈ ਕਿਫਾਇਤੀ ਬਣ ਸਕਦੀ ਹੈ।
ਇਸ ਤੋਂ ਪਹਿਲਾਂ ਜਰਮਨੀ ਦੇ ਚਾਂਸਲਰ ਓਲਫ਼ ਸ਼ੁਲਜ਼ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਇੱਥੇ ਇੱਕ ਸੈਸ਼ਨ ਨੂੰ ਵੀ ਸੰਬੋਧਨ ਕੀਤਾ। ਜੀ-7 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਦੁਨੀਆ ਦੇ ਸਭ ਤੋਂ ਅਮੀਰ ਸੱਤ ਮੁਲਕਾਂ ਵੱਲੋਂ ਯੂਕਰੇਨ ’ਤੇ ਰੂਸ ਦੇ ਹਮਲੇ, ਖੁਰਾਕ ਸੁਰੱਖਿਆ ਅਤੇ ਅਤਿਵਾਦ ਦੇ ਟਾਕਰੇ ਸਮੇਤ ਵੱਖ ਵੱਖ ਆਲਮੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸ੍ਰੀ ਮੋਦੀ ਜਰਮਨ ਚਾਂਸਲਰ ਦੇ ਵਿਸ਼ੇਸ਼ ਸੱਦੇ ’ਤੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਥੇ ਪੁੱਜੇ ਹਨ। ਭਾਰਤੀ ਵਿਦੇਸ਼ ਮਾਮਲਿਆਂ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਦੱਸਿਆ ਕਿ ਜੀ-7 ਸਿਖਰ ਸੰਮੇਲਨ ’ਚ ਸ਼ਮੂਲੀਅਤ ਲਈ ਐਲਮਾਊ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਇਕਸਾਰ ਤਰੱਕੀ ਲਈ ਰਲ ਕੇ ਕੰਮ ਕਰ ਰਿਹਾ ਹੈ। ਸਿਖਰ ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡਾ ਦੇ ਆਪਣੇ ਹਮਰੁਤਬਾ ਜਸਟਿਨ ਟਰੂਡੋ ਨਾਲ ਹੱਥ ਵੀ ਮਿਲਾਏ। ਇਸ ਦੌਰਾਨ ਸਾਰੇ ਆਗੂਆਂ ਨੇ ਇਕੱਠਿਆਂ ਤਸਵੀਰ ਵੀ ਖਿਚਵਾਈ। -ਪੀਟੀਆਈ