ਇਸਲਾਮਾਬਾਦ, 5 ਜਨਵਰੀ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ‘ਇਵੈਕੁਈ ਪ੍ਰਾਪਰਟੀ ਟਰੱਸਟ ਬੋਰਡ’ (ਈਪੀਟੀਬੀ) ਨੂੰ ਅੱਜ ਨੁਕਸਾਨੇ ਗਏ ਇੱਕ ਸਦੀ ਪੁਰਾਣੇ ਹਿੰਦੂ ਮੰਦਿਰ ਦੀ ਮੁੜ ਉਸਾਰੀ ਦੇ ਹੁਕਮ ਦਿੱਤੇ ਹਨ, ਜਿਸ ਨੂੰ ਪਿਛਲੇ ਹਫ਼ਤੇ ਖੈਬਰ ਪਖਤੂਨਖਵਾ ਪ੍ਰਾਂਤ ਵਿੱਚ ਲੋਕਾਂ ਦੀ ਭੀੜ ਨੇ ਅੱਗ ਲਾ ਕੇ ਨੁਕਸਾਨ ਪਹੁੰਚਾਇਆ ਸੀ। ਅਦਾਲਤ ਨੇ ਕਿਹਾ ਕਿ ਇਸ ਹਮਲੇ ਕਾਰਨ ਮੁਲਕ ਨੂੰ ਕੌਮਾਂਤਰੀ ਪੱਧਰ ’ਤੇ ਨਮੋਸ਼ੀ ਝੱਲਣੀ ਪਈ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਪਾਕਿਸਤਾਨ ਵਿੱਚ ਸਥਿਤ ਸਾਰੇ ਕਾਰਜਸ਼ੀਲ ਤੇ ਗੈਰ-ਕਾਰਜਸ਼ੀਲ ਮੰਦਰਾਂ ਤੇ ਗੁਰਦੁਆਰਿਆਂ ਦੀ ਸੂਚੀ ਜਮ੍ਹਾਂ ਕਰਵਾਉਣ ਲਈ ਵੀ ਕਿਹਾ। ਮਾਮਲੇ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਈਪੀਟੀਬੀ ਨੂੰ ਮੁਲਕ ਦੇ ਸਾਰੇ ਮੰਦਰਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ।
-ਪੀਟੀਆਈ