ਬਰੱਸਲਜ਼, 5 ਜੁਲਾਈ
ਨਾਟੋ ਦੇ 30 ਸਹਿਯੋਗੀਆਂ ਨੇ ਅੱਜ ਸਵੀਡਨ ਅਤੇ ਫਿਨਲੈਂਡ ਨੂੰ ਮੈਂਬਰ ਬਣਾਉਣ ਸਬੰਧੀ ਪ੍ਰੋਟੋਕੋਲ ’ਤੇ ਹਸਤਾਖਰ ਕੀਤੇ, ਜਿਸ ਨਾਲ ਦੋਹਾਂ ਦੇਸ਼ਾਂ ਦੀਆਂ ਮੈਂਬਰਸ਼ਿਪ ਸਬੰਧੀ ਅਪੀਲਾਂ ਵਿਧਾਨਕ ਮਨਜ਼ੂਰੀ ਲਈ ਗੱਠਜੋੜ ਵਿੱਚ ਸ਼ਾਮਲ ਦੇਸ਼ਾਂ ਦੀਆਂ ਰਾਜਧਾਨੀਆਂ ਨੂੰ ਭੇਜੀਆਂ ਗਈਆਂ।
ਫਰਵਰੀ ਵਿੱਚ ਗੁਆਂਢੀ ਯੂਕਰੇਨ ’ਤੇ ਹਮਲੇ ਅਤੇ ਉਸ ਤੋਂ ਬਾਅਦ ਤੋਂ ਫ਼ੌਜੀ ਸੰਘਰਸ਼ ਦੇ ਮੱਦੇਨਜ਼ਰ ਇਸ ਕਦਮ ਨੇ ਰੂਸ ਨੂੰ ਰਣਨੀਤਕ ਤੌਰ ’ਤੇ ਵੱਖ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ਨਾਟੋ ਦੇ ਜਨਰਲ ਸਕੱਤਰ ਜੈਨਸ ਸਟੋਲਟਨਬਰਗ ਨੇ ਕਿਹਾ, ‘‘ਇਹ ਫਿਨਲੈਂਡ, ਸਵੀਡਨ ਤੇ ਨਾਟੋ ਲਈ ਸੱਚਮੁਚ ਇਕ ਇਤਿਹਾਸਕ ਪਲ ਹੈ।’’ 30 ਰਾਜਦੂਤਾਂ ਤੇ ਸਥਾਈ ਨੁਮਾਇੰਦਿਆਂ ਨੇ ਰਸਮੀ ਤੌਰ ’ਤੇ ਪਿਛਲੇ ਹਫ਼ਤੇ ਦੇ ਨਾਟੋ ਸਿਖਰ ਸੰਮੇਲਨ ਦੇ ਫ਼ੈਸਲਿਆਂ ਨੂੰ ਉਦੋਂ ਮਨਜ਼ੂਰੀ ਦੇ ਦਿੱਤੀ ਜਦੋਂ ਗੱਠਜੋੜ ਨੇ ਰੂਸ ਦੇ ਗੁਆਂਢੀ ਫਿਨਲੈਂਡ ਤੇ ਸਵੀਡਨ ਨੂੰ ਫ਼ੌਜੀ ਕਲੱਬ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਦਾ ਇਤਿਹਾਸਕ ਫ਼ੈਸਲਾ ਲਿਆ। ਗੱਠਜੋੜ ਵਿੱਚ ਸਮਝੌਤੇ ਦੇ ਬਾਵਜੂਦ ਮੈਂਬਰ ਦੇਸ਼ ਤੁਰਕੀ ਨਾਟੋ ਵਿੱਚ ਸਵੀਡਨ ਤੇ ਫਿਨਲੈਂਡ ਨੂੰ ਅੰਤਿਮ ਤੌਰ ’ਤੇ ਸ਼ਾਮਲ ਕਰਨ ਨੂੰ ਲੈ ਕੇ ਅਜੇ ਵੀ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।
ਪਿਛਲੇ ਹਫ਼ਤੇ, ਤੁਰਕੀ ਦੇ ਆਗੂ ਰੇਸਿਪ ਤਈਅਪ ਅਰਦੋਗਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਦੋਵੇਂ ਦੇਸ਼ ਨਾਜਾਇਜ਼ ਕੁਰਦ ਸਮੂਹਾਂ ਜਾਂ 2016 ਵਿੱਚ ਅਸਫ਼ਲ ਰਾਜ ਪਲਟੇ ਦੇ ਦੋਸ਼ੀ ਤੇ ਦੇਸ਼ ’ਚੋਂ ਕੱਢੇ ਗਏ ਮੌਲਵੀ ਦੇ ਨੈੱਟਵਰਕ ਨਾਲ ਸਬੰਧਤ ਸ਼ੱਕੀ ਅਤਿਵਾਦੀਆਂ ਦੀ ਹਵਾਲਗੀ ਸਬੰਧੀ ਤੁਰਕੀ ਦੀ ਮੰਗ ਪੂਰੀ ਤਰ੍ਹਾਂ ਮੰਨਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਅੰਕਾਰਾ ਅਜੇ ਵੀ ਪ੍ਰਕਿਰਿਆ ਵਿੱਚ ਅੜਿੱਕਾ ਡਾਹ ਸਕਦਾ ਹੈ। ਸਵੀਡਨ ਤੇ ਫਿਨਲੈਂਡ ਲਈ ਇਹ ਇਕ ਅੜਿੱਕਾ ਹੈ ਕਿਉਂਕਿ ਉਨ੍ਹਾਂ ਨੂੰ ਨਾਟੋ ’ਚ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਆਖ਼ਰੀ ਰੂਪ ਦੇਣ ਲਈ ਸਾਰੇ 30 ਮੈਂਬਰ ਦੇਸ਼ਾਂ ਦੀ ਰਸਮੀ ਮਨਜ਼ੂਰੀ ਦੀ ਲੋੜ ਹੋਵੇਗੀ। -ਏਪੀ