ਹਰਜੀਤ ਲਸਾੜਾ
ਬ੍ਰਿਸਬਨ, 7 ਫ਼ਰਵਰੀ
ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਆਸਟਰੇਲੀਆ ਸਖ਼ਤ ਸਰਹੱਦੀ ਪਾਬੰਦੀਆਂ ਸਦਕਾ ਕਰੋਨਾਵਾਇਰਸ ’ਤੇ ਕਾਬੂ ਪਾਉਣ ’ਚ ਵੱਡੀ ਪੱਧਰ ’ਤੇ ਸਫ਼ਲ ਹੋਇਆ ਹੈ ਜਦਕਿ ਦੁਨੀਆ ਭਰ ਦੇ ਕਈ ਹੋਰ ਦੇਸ਼ ਅਜੇ ਵੀ ਤਾਲਾਬੰਦੀ ਅਤੇ ਘਾਤਕ ਮੌਤਾਂ ਨਾਲ ਜੂਝ ਰਹੇ ਹਨ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ਉਮੀਦ ਤੋਂ ਜਲਦੀ ਦੁਬਾਰਾ ਤਾਂ ਖੁੱਲ੍ਹ ਸਕਦੀਆਂ ਹਨ ਜੇਕਰ ਕਰੋਨਵਾਇਰਸ ਦਾ ਟੀਕਾ ਵਾਇਰਸ ਦੇ ਸੰਚਾਰ ਨੂੰ ਘਟਾਉਣ ਲਈ ਕਾਰਗਰ ਸਿੱਧ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ, ‘ਜੇਕਰ ਟੀਕਾ ਲੋਕਾਂ ’ਚ ਵਾਇਰਸ ਦੀ ਲਾਗ ਫੈਲਣ ਤੋਂ ਰੋਕਦਾ ਹੈ ਤਾਂ ਇਹ ‘ਗੇਮ-ਚੇਂਜਰ’ ਹੋ ਸਕਦਾ ਹੈ। ਇਸ ਲਈ ਕੌਮਾਂਤਰੀ ਯਾਤਰਾ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਹੁਣ ਟੀਕੇ ਦੇ ਪ੍ਰਭਾਵਸ਼ਾਲੀ ਹੋਣ ’ਤੇ ਹੀ ਨਿਰਭਰ ਕਰਦਾ ਹੈ।’
ਉੱਧਰ ਮੈਲਬਰਨ ਯੂਨੀਵਰਸਿਟੀ ਦੇ ਇੱਕ ਮਹਾਮਾਰੀ ਵਿਗਿਆਨੀ ਅਤੇ ਜਨ ਸਿਹਤ ਮਾਹਿਰ ਟੋਨੀ ਬਲੇਕਲੀ ਨੇ ਕਿਹਾ ਕਿ ਦੇਸ਼ ’ਚ ਆਗਾਮੀ ਟੀਕਾਕਰਨ ਸਮੇਂ ਇਹ ਸੰਭਾਵਨਾ ਹੈ ਕਿ ਕੁੱਝ ਹੱਦ ਤਕ ਮੁੜਨ ਵਾਲੇ ਯਾਤਰੀਆਂ ਦੇ ਪ੍ਰਬੰਧਨ ਦੇ ਹਿੱਸੇ ਵਜੋਂ ਅੰਸ਼ਿਕ ਸਰਹੱਦੀ ਪਾਬੰਦੀਆਂ ਅਤੇ ਇਕਾਂਤਵਸ ਨੂੰ ਬਰਕਰਾਰ ਰੱਖਿਆ ਜਾਵੇਗਾ ਕਿਉਂਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੀਕਾ ਲਾਗ ਤੋਂ ਕਿੰਨੀ ਸੁਰੱਖਿਆ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਕੋਵਿਡ-19 ਪ੍ਰੋਗਰਾਮ ਤਹਿਤ ਫਾਈਜ਼ਰ-ਬਾਇਓਐੱਨਟੈੱਕ ਦੀ ਵੈਕਸੀਨ ਨਾਲ ਟੀਕਾਕਰਨ ਦੀ ਸ਼ੁਰੂਆਤ ਫਰਵਰੀ ਮਹੀਨੇ ਦੇ ਅੱਧ ਤੋਂ ਕਰਨ ਦੀ ਯੋਜਨਾ ਉਲੀਕੀ ਹੈ ਅਤੇ ਮਾਰਚ ਦੇ ਅੰਤ ਤੱਕ 4 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਹੈ।