ਟੋਰਾਂਟੋ, 1 ਜਨਵਰੀ
ਕੈਨੇਡਾ ਦੀ ਸਭ ਤੋਂ ਵੱਧ ਵਸੋਂ ਵਾਲੇ ਸੂਬੇ ਓਂਟਾਰੀਓ ਦੇ ਵਿੱਤ ਮੰਤਰੀ ਨੂੰ ਮਹਾਮਾਰੀ ਦੌਰਾਨ ਛੁੱਟੀਆਂ ਮਨਾਉਣ ਕਰਕੇ ਅਸਤੀਫ਼ਾ ਦੇਣਾ ਪੈ ਗਿਆ। ਓਂਟਾਰੀਓ ਦੇ ਪ੍ਰੀਮੀਅਰ ਡੌਗ ਫੋਰਡ ਨੇ ਕਿਹਾ ਕਿ ਉਨ੍ਹਾਂ ਨੇ ਵਿੱਤ ਮੰਤਰੀ ਰੌਡ ਫਿਲਿਪਸ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਸੇਂਟ ਬਾਰਟਸ ਟਾਪੂ ’ਤੇ ਦੋ ਹਫ਼ਤਿਆਂ ਦੀਆਂ ਛੁੱਟੀਆਂ ਮਨਾ ਕੇ ਪਰਤਣ ਤੋਂ ਕੁਝ ਹੀ ਘੰਟਿਆਂ ਬਾਅਦ ਫਿਲਿਪਸ ਨੇ ਅਸਤੀਫ਼ਾ ਦੇ ਦਿੱਤਾ। ਸਰਕਾਰ ਵਲੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਗੈਰ-ਜ਼ਰੂਰੀ ਸਫ਼ਰ ’ਤੇ ਲਾਈ ਪਾਬੰਦੀ ਦੇ ਬਾਵਜੂਦ ਛੁੱਟੀਆਂ ਮਨਾਉਣ ਲਈ ਜਾਣ ਕਰਕੇ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ। ਉਹ ਇਸ ਵੇਲੇ 14 ਦਿਨਾਂ ਦੇ ਏਕਾਂਤਵਾਸ ਵਿੱਚ ਹਨ। ਫਿਲਿਪਸ ਨੇ ਬਿਆਨ ਰਾਹੀਂ ਆਪਣੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਛੁੱਟੀਆਂ ਮਨਾਉਣ ਲਈ ਬਾਹਰ ਜਾਣਾ ਗਲਤ ਫ਼ੈਸਲਾ ਸੀ ਅਤੇ ਮੈਂ ਇੱਕ ਵਾਰ ਫਿਰ ਮੁਆਫ਼ੀ ਮੰਗਦਾ ਹਾਂ।’’ -ਏਪੀ