ਕੀਵ, 24 ਜੁਲਾਈ
ਰੂਸੀ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਓਡੇਸਾ ਬੰਦਰਗਾਹ ’ਤੇ ਸਿਰਫ਼ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੰਤਰਾਲੇ ਦੇ ਤਰਜਮਾਨ ਇਗੋਰ ਕੋਨਾਸ਼ੇਂਕੋਵ ਨੇ ਕਿਹਾ ਕਿ ਓਡੇਸਾ ’ਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨੇ ਯੂਕਰੇਨੀ ਜੰਗੀ ਬੇੜਾ ਅਤੇ ਹਾਰਪੂਨ ਮਿਜ਼ਾਈਲਾਂ ਦੇ ਗੁਦਾਮ ਨੂੰ ਨਸ਼ਟ ਕਰ ਦਿੱਤਾ ਜੋ ਅਮਰੀਕਾ ਵੱਲੋਂ ਕੀਵ ਹਕੂਮਤ ਨੂੰ ਸਪਲਾਈ ਕੀਤੀਆਂ ਗਈਆਂ ਸਨ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸ਼ਨਿਚਰਵਾਰ ਰਾਤ ਟੀਵੀ ’ਤੇ ਆਪਣੇ ਸੰਬੋਧਨ ’ਚ ਕਿਹਾ ਕਿ ਓਡੇਸਾ ’ਤੇ ਹਮਲੇ ਨੇ ਰੂਸ ਨਾਲ ਵਾਰਤਾ ਦੀ ਸੰਭਾਵਨਾ ਨੂੰ ਢਾਹ ਲਾਈ ਹੈ। ਯੂਕਰੇਨੀ ਫ਼ੌਜ ਨੇ ਕਿਹਾ ਸੀ ਕਿ ਮਾਸਕੋ ਨੇ ਓਡੇਸਾ ਬੰਦਰਗਾਹ ’ਤੇ ਚਾਰ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ ਜਿਸ ’ਚੋਂ ਦੋ ਨੂੰ ਯੂਕਰੇਨ ਦੀ ਹਵਾਈ ਰੱਖਿਆ ਨੇ ਮਾਰ ਸੁੱਟਿਆ ਸੀ।
ਕਮਾਂਡ ਦੀ ਤਰਜਮਾਨ ਨਤਾਲੀਆ ਹੁਮੇਨਯੁਕ ਨੇ ਕਿਹਾ ਕਿ ਕਿਸੇ ਵੀ ਅਨਾਜ ਭੰਡਾਰ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਉਂਜ ਤੁਰਕੀ ਦੇ ਰੱਖਿਆ ਮੰਤਰੀ ਨੇ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਇਕ ਮਿਜ਼ਾਈਲ ਅਨਾਜ ਸਾਈਲੋ ’ਤੇ ਜਦਕਿ ਦੂਜੀ ਉਸ ਦੇ ਨੇੜੇ ਡਿੱਗੀ ਹੈ ਪਰ ਅਨਾਜ ਦੀ ਲੋਡਿੰਗ ’ਤੇ ਇਸ ਦਾ ਅਸਰ ਨਹੀਂ ਪਿਆ।
ਹਵਾਈ ਹਮਲੇ ਦਾ ਯੂਕਰੇਨ ਨਾਲ ਅਨਾਜ ਦੀ ਬਰਾਮਦਗੀ ਬਾਰੇ ਹੋਏ ਸਮਝੌਤੇ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਮਝੌਤੇ ’ਚ ਕਿਹਾ ਗਿਆ ਸੀ ਕਿ ਕੀਵ ਅਤੇ ਮਾਸਕੋ ਕਾਲਾ ਸਾਗਰ ’ਤੇ ਤਿੰਨ ਬੰਦਰਗਾਹਾਂ ’ਤੇ ਹਮਲਿਆਂ ਤੋਂ ਗੁਰੇਜ਼ ਕਰਨਗੇ। -ਏਪੀ
ਰੂਸ ਦੇ ਵਿਦੇਸ਼ ਮੰਤਰੀ ਮਿਸਰ ਦੇ ਦੌਰੇ ’ਤੇ
ਕਾਹਿਰਾ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਆਪਣੇ ਮਿਸਰ ਦੌਰੇ ਦੌਰਾਨ ਸਥਾਨਕ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਯੂਕਰੇਨ ਜੰਗ ਕਾਰਨ ਰੂਸ ਪੱਛਮ ਵੱਲੋਂ ਲਾਈਆਂ ਪਾਬੰਦੀਆਂ ਤੋਂ ਪਾਰ ਪਾਉਣ ਦਾ ਯਤਨ ਕਰ ਰਿਹਾ ਹੈ। ਯੂਕਰੇਨ ਉਤੇ ਹਮਲੇ ਮਗਰੋਂ ਪੱਛਮੀ ਮੁਲਕਾਂ ਨੇ ਪਾਬੰਦੀਆਂ ਲਾ ਕੇ ਰੂਸ ਦਾ ਕੂਟਨੀਤਕ ਤੌਰ ’ਤੇ ਬਾਈਕਾਟ ਕੀਤਾ ਹੋਇਆ ਹੈ। ਲੈਵਰੋਵ ਸ਼ਨਿਚਰਵਾਰ ਦੇਰ ਰਾਤ ਕਾਹਿਰਾ ਪੁੱਜੇ ਸਨ। ਅਫ਼ਰੀਕਾ ਦੇ ਦੌਰੇ ਉਤੇ ਆਏ ਰੂਸ ਦੇ ਵਿਦੇਸ਼ ਮੰਤਰੀ ਇਥੋਪੀਆ, ਯੁਗਾਂਡਾ ਤੇ ਕਾਂਗੋ ਵੀ ਜਾਣਗੇ। ਰੂਸ ਦੇ ਵਿਦੇਸ਼ ਮੰਤਰੀ ਨੇ ਅੱਜ ਮਿਸਰ ਦੇ ਰਾਸ਼ਟਰਪਤੀ ਅਬਦਲ ਫਤਾਹ ਅਲ-ਸਿਸੀ ਨਾਲ ਰਾਸ਼ਟਰਪਤੀ ਮਹਿਲ ਵਿਚ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਮਿਸਰ ਦੇ ਵਿਦੇਸ਼ ਮੰਤਰੀ ਸਾਮੇਹ ਸ਼ੁਕਰੀ ਨੂੰ ਵੀ ਮਿਲੇ। ਰੂਸੀ ਵਿਦੇਸ਼ ਮੰਤਰੀ ਅਰਬ ਲੀਗ ਦੇ ਸਕੱਤਰ ਜਨਰਲ ਅਹਿਮਦ ਅਬਾਊਲ ਗ਼ੇਇਟ ਨਾਲ ਵੀ ਮੁਲਾਕਾਤ ਕਰਨਗੇ। ਉਹ ਇਸ ਸੰਗਠਨ ਦੇ ਸਥਾਈ ਪ੍ਰਤੀਨਿਧੀਆਂ ਨੂੰ ਵੀ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਯੂਕਰੇਨ ਵਿਚ ਰੂਸ ਵੱਲੋਂ ਸ਼ੁਰੂ ਕੀਤੀ ਜੰਗ ਦਾ ਸੰਸਾਰ ਦੀ ਆਰਥਿਕਤਾ ਉਤੇ ਬੇਹੱਦ ਮਾੜਾ ਅਸਰ ਪਿਆ ਹੈ। ਤੇਲ ਤੇ ਗੈਸ ਦੀ ਕੀਮਤ ਆਸਮਾਨ ਛੂਹ ਰਹੀ ਹੈ। ਯੂਕਰੇਨ ਦੁਨੀਆ ਦੇ ਸਭ ਤੋਂ ਵੱਡੇ ਕਣਕ, ਮੱਕੀ ਤੇ ਸੂਰਜਮੁਖੀ ਤੇਲ ਬਰਾਮਦਕਾਰਾਂ ਵਿਚ ਸ਼ੁਮਾਰ ਹੈ, ਪਰ ਰੂਸ ਦੇ ਹਮਲੇ ਕਾਰਨ ਇਹ ਖਾਧ ਪਦਾਰਥ ਬੰਦਰਗਾਹਾਂ ਉਤੇ ਪਏ ਹਨ ਤੇ ਬਾਹਰ ਨਹੀਂ ਭੇਜੇ ਜਾ ਸਕੇ। ਜੰਗ ਕਾਰਨ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਕਈ ਕੰਪਨੀਆਂ ਰੂਸੀ ਪਦਾਰਥਾਂ ਨੂੰ ਵੀ ਨਹੀਂ ਚੁੱਕ ਰਹੀਆਂ ਹਨ। ਯੂਕਰੇਨ ਵਿਚ ਜੰਗ ਦਾ ਅਫ਼ਰੀਕੀ ਮੁਲਕਾਂ ਉਤੇ ਬੇਹੱਦ ਮਾੜਾ ਅਸਰ ਪਿਆ ਹੈ। ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ ਹਨ। ਮਦਦ ਵੱਜੋਂ ਦਿੱਤੇ ਜਾਣ ਵਾਲੇ ਅਰਬਾਂ ਡਾਲਰ ਹੁਣ ਯੂਕਰੇਨ ਵਿਚੋਂ ਭੱਜਣ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਅਫ਼ਰੀਕਾ ਦੇ ਕਈ ਸੰਕਟਗ੍ਰਸਤ ਖੇਤਰਾਂ ਨੂੰ ਮਿਲਦੀ ਮਦਦ ਬੰਦ ਹੋ ਗਈ ਹੈ। ਰੂਸੀ ਵਿਦੇਸ਼ ਮੰਤਰੀ ਨੇ ਅਮਰੀਕਾ ਵੱਲੋਂ ਲਾਏ ਉਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸਾਰੇ ਸੰਕਟ ਲਈ ਰੂਸ ਜ਼ਿੰਮੇਵਾਰ ਹੈ। -ਏਪੀ