ਵਾਸ਼ਿੰਗਟਨ, 15 ਅਕਤੂਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ‘ਪਾਕਿਸਤਾਨ ਦੁਨੀਆ ਦੇ ਸਭ ਤੋਂ ਖ਼ਤਰਨਾਕ ਦੇਸ਼ਾਂ ਵਿਚੋਂ ਇਕ ਹੈ’ ਕਿਉਂਕਿ ‘ਉਸ ਕੋਲ ਬਿਨਾਂ ਕਿਸੇ ਸਮਝੌਤੇ ਜਾਂ ਨਿਗਰਾਨੀ ਤੋਂ ਪਰਮਾਣੂ ਹਥਿਆਰ ਹਨ।’ ਉਨ੍ਹਾਂ ਇਹ ਟਿੱਪਣੀਆਂ ਡੈਮੋਕਰੈਟਿਕ ਪਾਰਟੀ ਦੇ ਇਕ ਸਮਾਗਮ ਵਿਚ ਕੀਤੀਆਂ। ਅਮਰੀਕੀ ਰਾਸ਼ਟਰਪਤੀ ਦੀਆਂ ਟਿੱਪਣੀਆਂ ਨੂੰ ਆਲਮੀ ਪੱਧਰ ’ਤੇ ਬਦਲ ਰਹੀਆਂ ਭੂਗੋਲਿਕ ਤੇ ਸਿਆਸੀ ਸਥਿਤੀਆਂ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਬਾਇਡਨ ਮੁਤਾਬਕ ਪਾਕਿਸਤਾਨ ਕੋਲ ਪਏ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਬਾਰੇ ਕੁਝ ਵੀ ਮੌਜੂਦ ਨਹੀਂ ਹੈ ਤੇ ਇਹ ਬਿਨਾਂ ਕਿਸੇ ਤਾਲਮੇਲ-ਸਹਿਮਤੀ ਦੇ ਮੌਜੂਦ ਹਨ। ਪੱਛਮੀ ਮੁਲਕ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਬਾਰੇ ਫ਼ਿਕਰ ਜ਼ਾਹਿਰ ਕਰ ਚੁੱਕੇ ਹਨ। ਪੱਛਮ ਵਿਚ ਕਈਆਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰ ਅਤਿਵਾਦੀਆਂ ਜਾਂ ਜਹਾਦੀਆਂ ਦੇ ਹੱਥ ਲੱਗ ਸਕਦੇ ਹਨ।
ਦੱਸਣਯੋਗ ਹੈ ਕਿ ਬਰੁਕਿੰਗਸ ਦੇ ਵਿਦੇਸ਼ ਨੀਤੀ ਪ੍ਰੋਗਰਾਮ ਦੇ ਸੀਨੀਅਰ ਫੈਲੋ ਮਾਰਵਿਨ ਕਾਲਬ ਨੇ ਕਿਹਾ ਹੈ ਕਿ, ‘ਮਈ 1998 ਤੋਂ ਲੈ ਕੇ ਹੁਣ ਤੱਕ ਅਮਰੀਕੀ ਰਾਸ਼ਟਰਪਤੀ ਇਹ ਡਰ ਜ਼ਾਹਿਰ ਕਰਦੇ ਰਹੇ ਹਨ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰ ਗਲਤ ਹੱਥ ਲੱਗ ਸਕਦੇ ਹਨ। ਪਾਕਿਸਤਾਨ ਨੇ ਕੌਮੀ ਸੁਰੱਖਿਆ ਦੇ ਹਵਾਲੇ ਨਾਲ 1998 ਵਿਚ ਹਥਿਆਰਾਂ ਦੇ ਪ੍ਰੀਖਣ ਸ਼ੁਰੂ ਕੀਤੇ ਸਨ।’ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਤੋਂ ਬਾਅਦ ਵਧੇ ਹੌਸਲੇ ਨਾਲ ਪਾਕਿਸਤਾਨ ਦੇ ਜਹਾਦੀ ਵੀ ਪਰਮਾਣੂ ਹਥਿਆਰਾਂ ਨੂੰ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।’ ਅਮਰੀਕੀ ਦੇ ਚੋਟੀ ਦੇ ਫ਼ੌਜੀ ਜਨਰਲ ਮਾਰਕ ਮਿਲੇਅ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਅਫ਼ਗਾਨਿਸਤਾਨ ਵਿਚੋਂ ਫ਼ੌਜ ਤੇਜ਼ੀ ਨਾਲ ਨਿਕਲਣ ਨਾਲ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਲਈ ਖ਼ਤਰਾ ਵਧ ਗਿਆ ਹੈ। ਆਪਣੇ ਭਾਸ਼ਣ ਵਿਚ ਬਾਇਡਨ ਨੇ ਕਿਹਾ ਕਿ ਸੰਸਾਰ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਹੁਣ ਭਾਈਵਾਲੀਆਂ ਬਾਰੇ ਨਵੇਂ ਸਿਰਿਓਂ ਸੋਚਣ ਦਾ ਸਮਾਂ ਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਸਚਾਈ ਇਹ ਹੈ ਤੇ ਮੈਂ ਯਕੀਨੀ ਤੌਰ ’ਤੇ ਮੰਨਦਾ ਹਾਂ ਕਿ ਦੁਨੀਆ ਸਾਡੇ ਵੱਲ ਦੇਖ ਰਹੀ ਹੈ। ਇਹ ਕੋਈ ਮਜ਼ਾਕ ਨਹੀਂ ਹੈ। ਇੱਥੋਂ ਤੱਕ ਕਿ ਸਾਡੇ ਦੁਸ਼ਮਣ ਵੀ ਸਾਡੇ ਵੱਲ ਦੇਖ ਰਹੇ ਹਨ ਕਿ ਅਸੀਂ ਕਿਵੇਂ ਇਸ ਦਾ ਹੱਲ ਕੱਢਾਂਗੇ, ਅਸੀਂ ਕੀ ਕਰਾਂਗੇ। ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ।’ ਬਾਇਡਨ ਨੇ ਨਾਲ ਹੀ ਕਿਹਾ ਕਿ ਅਮਰੀਕਾ ਕੋਲ ਦੁਨੀਆ ਦੀ ਅਗਵਾਈ ਦੀ ਸਮਰੱਥਾ ਹੈ, ਇਹ ਦੁਨੀਆ ਨੂੰ ਉਸ ਪਾਸੇ ਤੋਰ ਸਕਦਾ ਹੈ ਜਿੱਧਰ ਨੂੰ ਅਸੀਂ ਪਹਿਲਾਂ ਕਦੇ ਨਹੀਂ ਗਏ।’ ਜ਼ਿਕਰਯੋਗ ਹੈ ਕਿ ਯੂਕਰੇਨ ਨਾਲ ਲੱਗੀ ਜੰਗ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਟੀਵੀ ’ਤੇ ਆ ਕੇ ਪਰਮਾਣੂ ਹਮਲਿਆਂ ਦੀ ਧਮਕੀ ਦੇ ਚੁੱਕੇ ਹਨ। -ਪੀਟੀਆਈ
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਨੇ ਪਾਕਿਸਤਾਨ ਦਾ ਬਚਾਅ ਕੀਤਾ
ਲੰਡਨ: ਜੋਅ ਬਾਇਡਨ ਦੀ ਟਿੱਪਣੀ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੇ ਮੁਲਕ ਦਾ ਬਚਾਅ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ, ‘ਪਾਕਿਸਤਾਨ ਪਰਮਾਣੂ ਹਥਿਆਰਾਂ ਨਾਲ ਲੈਸ ਇਕ ਜ਼ਿੰਮੇਵਾਰ ਮੁਲਕ ਹੈ। ਕੌਮੀ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਇਹ ਕੌਮਾਂਤਰੀ ਕਾਨੂੰਨਾਂ ਤੇ ਪ੍ਰਕਿਰਿਆ ਦਾ ਵੀ ਪੂਰਾ ਸਤਿਕਾਰ ਕਰਦਾ ਹੈ।’ ਉਨ੍ਹਾਂ ਕਿਹਾ ਕਿ ਬਾਕੀ ਆਜ਼ਾਦ ਮੁਲਕਾਂ ਵਾਂਗ ਪਾਕਿਸਤਾਨ ਦਾ ਪਰਮਾਣੂ ਪ੍ਰੋਗਰਾਮ ਕਿਸੇ ਵੀ ਤਰ੍ਹਾਂ ਦੂਜੇ ਮੁਲਕਾਂ ਲਈ ਖ਼ਤਰਾ ਨਹੀਂ ਹੈ। ਨਵਾਜ਼ ਨੇ ਕਿਹਾ ਕਿ ਪਾਕਿਸਤਾਨ ਆਪਣੀ ਖ਼ੁਦਮੁਖਤਿਆਰੀ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਦਾ ਹੱਕ ਰੱਖਦਾ ਹੈ। -ਏਐੱਨਆਈ
ਪੂਤਿਨ ਵੱਲੋਂ ‘ਨਾਟੋ’ ਮੁਲਕਾਂ ਨੂੰ ਸਖ਼ਤ ਚਿਤਾਵਨੀ
ਅਸਤਾਨਾ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਚਿਤਾਵਨੀ ਦਿੱਤੀ ਕਿ ਜੇਕਰ ‘ਨਾਟੋ’ ਫ਼ੌਜਾਂ ਰੂਸ ਨਾਲ ਸਿੱਧੇ ਟਕਰਾਅ ਦੇ ਰੌਂਅ ਵਿਚ ਆਈਆਂ ਤਾਂ ਇਹ ‘ਆਲਮੀ ਪੱਧਰ ਦੀ ਤਬਾਹੀ’ ਦਾ ਕਾਰਨ ਬਣੇਗਾ। ਇਸ ਤੋਂ ਪਹਿਲਾਂ ਪੂਤਿਨ ਪਰਮਾਣੂ ਹਮਲੇ ਦੀ ਚਿਤਾਵਨੀ ਦੇ ਚੁੱਕੇ ਹਨ, ਜਦਕਿ ਮੰਗਲਵਾਰ ਜੀ7 ਮੁਲਕਾਂ ਨੇ ਚਿਤਾਵਨੀ ਦਿੱਤੀ ਸੀ ਕਿ ਯੂਕਰੇਨ ’ਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਗੰਭੀਰ ਸਿੱਟੇ ਹੋਣਗੇ। ਦੱਸਣਯੋਗ ਹੈ ਕਿ ਰੂਸ ਨੇ ਅੱਜ ਵੀ ਯੂਕਰੇਨ ’ਤੇ ਮਿਜ਼ਾਈਲ ਹਮਲੇ ਕੀਤੇ ਹਨ। -ਏਪੀ
‘ਰੂਸ, ਭਾਰਤ ਤੇ ਪਾਕਿਸਤਾਨ ਪ੍ਰਤੀ ਆਪਣੀ ਭੂਮਿਕਾ ਨੂੰ ਨਵੇਂ ਸਿਰਿਓਂ ਤਲਾਸ਼ਣ ਲੱਗਾ ਚੀਨ’
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਚੀਨ ਵੀ ਰੂਸ ਪ੍ਰਤੀ ਆਪਣੀ ਭੂਮਿਕਾ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤ ਤੇ ਪਾਕਿਸਤਾਨ ਪ੍ਰਤੀ ਵੀ ਆਪਣੀ ਭੂਮਿਕਾ ਨੂੰ ਨਵੇਂ ਸਿਰਿਓਂ ਦੇਖ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਚੀਨ ਦੇ ਆਗੂ ਸ਼ੀ ਜਿਨਪਿੰਗ ਜਾਣਦੇ ਹਨ ਕਿ ਉਹ ਕੀ ਚਾਹੁੰਦੇ ਹਨ ਪਰ ਉਨ੍ਹਾਂ ਅੱਗੇ ‘ਮੁਸ਼ਕਲਾਂ’ ਦਾ ਢੇਰ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਬਾਰੇ ਚਿਤਾਵਨੀ ਵੀ ਜਾਰੀ ਕੀਤੀ ਸੀ। ਪਾਕਿਸਤਾਨ ਦਾ ਨਾਂ ਅਮਰੀਕੀ ਦੀ ਕੌਮੀ ਸੁਰੱਖਿਆ ਰਣਨੀਤੀ 2022 ਵਿਚੋਂ ਵੀ ਗਾਇਬ ਹੈ।