ਇਸਲਾਮਾਬਾਦ, 22 ਮਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀ ਸ਼ਲਾਘਾ ਕੀਤੀ ਹੈ। ਇਸ ਵਾਰ ਇਮਰਾਨ ਨੇ ਰੂਸ ਤੋਂ ਰਿਆਇਤੀ ਦਰਾਂ ’ਤੇ ਤੇਲ ਖਰੀਦ ਕੇ ਪੈਟਰੋਲ-ਡੀਜ਼ਲ ਦੀ ਕੀਮਤ ਘਟਾਉਣ ਲਈ ਭਾਰਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੀ ਆਜ਼ਾਦ ਵਿਦੇਸ਼ ਨੀਤੀ ਦੀ ਮਦਦ ਨਾਲ ਇਹ ਹਾਸਲ ਕਰਨ ’ਤੇ ਕੰਮ ਕਰ ਰਹੀ ਸੀ। ਇਮਰਾਨ ਨੇ ਸਾਊਥ ਏਸ਼ੀਆ ਇੰਡੈਕਸ ਦੀ ਇੱਕ ਰਿਪੋਰਟ ਆਪਣੇ ਟਵੀਟ ਨਾਲ ਟੈਗ ਕੀਤੀ ਹੈ ਜਿਸ ਅਨੁਸਾਰ, ‘ਰੂਸ ਤੋਂ ਰਿਆਇਤੀ ਕੀਮਤ ’ਤੇ ਤੇਲ ਖਰੀਦਣ ਮਗਰੋਂ ਭਾਰਤ ਸਰਕਾਰ ਨੇ ਪੈਟਰੋਲ ਦੀ ਕੀਮਤ 9.50 ਰੁਪਏ ਤੇ ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਲਿਟਰ ਘੱਟ ਕਰ ਦਿੱਤੀ ਹੈ।’ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ 69 ਸਾਲਾ ਮੁਖੀ ਨੇ ਕਿਹਾ, ‘ਕੁਆਡ ਦਾ ਮੈਂਬਰ ਹੋਣ ਦੇ ਬਾਵਜੂਦ ਭਾਰਤ ਨੇ ਅਮਰੀਕਾ ਦਾ ਦਬਾਅ ਝੱਲਿਆ ਤੇ ਰੂਸ ਤੋਂ ਰਿਆਇਤੀ ਦਰਾਂ ’ਤੇ ਤੇਲ ਖਰੀਦ ਕੇ ਜਨਤਾ ਨੂੰ ਰਾਹਤ ਦਿੱਤੀ।’ ਉਨ੍ਹਾਂ ਕਿਹਾ, ‘ਸਾਡੀ ਸਰਕਾਰ ਵੀ ਆਜ਼ਾਦ ਵਿਦੇਸ਼ ਨੀਤੀ ਦੀ ਮਦਦ ਨਾਲ ਇਹੀ ਹਾਸਲ ਕਰਨ ਲਈ ਕੰਮ ਕਰ ਰਹੀ ਸੀ।’ ਜ਼ਿਕਰਯੋਗ ਹੈ ਭਾਰਤ ਤੇਲ ਦੀ ਵਰਤੋਂ ਕਰਨ ਤੇ ਦਰਾਮਦ ਕਰਨ ਦੇ ਮਾਮਲੇ ’ਚ ਦੁਨੀਆ ’ਚ ਤੀਜੇ ਨੰਬਰ ’ਤੇ ਆਉਂਦਾ ਹੈ। -ਪੀਟੀਆਈ
ਹਮਾਇਤੀਆਂ ਨੂੰ ਸ਼ਾਂਤੀ ਮਾਰਚ ਕੱਢਣ ਦਾ ਸੱਦਾ
ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਹਮਾਇਤੀਆਂ ਨੂੰ 25 ਮਈ ਨੂੰ ਇਸਲਾਮਾਬਾਦ ਵੱਲ ਸ਼ਾਂਤੀ ਪੂਰਵਕ ਮਾਰਚ ਕੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਚ ਰਾਹੀਂ ਕੌਮੀ ਅਸੈਂਬਲੀ ਨੂੰ ਭੰਗ ਕਰਨ ਅਤੇ ਮੁਲਕ ਵਿੱਚ ਨਵੇਂ ਸਿਰੇ ਚੋਣਾਂ ਕਰਵਾਉਣ ਲਈ ਦਬਾਅ ਪਾਇਆ ਜਾਵੇਗਾ। -ਪੀਟੀਆਈ