ਵਾਸ਼ਿੰਗਟਨ, 16 ਜੂਨ
ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਿਡੇਨ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਅਮਰੀਕੀ ਸਦਰ ਤੇ ਉਨ੍ਹਾਂ ਦੇ ‘ਦੋਸਤ’ ਬਰਾਕ ਓਬਾਮਾ ਅਗਲੇ ਹਫ਼ਤੇ ਫੰਡਾਂ ਦੀ ਉਗਰਾਹੀ ਲਈ ਰੱਖੀ ਪਲੇਠੀ ਵਰਚੁਅਲ ਮੁਹਿੰਮ ’ਚ ਸ਼ਾਮਲ ਹੋਣਗੇ। ਬਿਡੇਨ (78) ਨੇ ਕਿਹਾ, ‘ਦੋਸਤੋਂ, ਮੇਰ ਕੋਲ ਇਕ ਵੱਡੀ ਖ਼ਬਰ ਹੈ: ਅਗਲੇ ਹਫ਼ਤੇ ਮੈਂ ਆਪਣੇ ਦੋਸਤ ਤੇ ਸਾਬਕਾ ਬੌਸ- ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵਰਚੁਅਲ ਗ੍ਰਾਸਰੂਟਸ ਫੰਡਰੇਜ਼ਰ ਵਿੱਚ ਮੁੜ ਮਿਲਾਂਗਾ।’ ਚੇਤੇ ਰਹੇ ਕਿ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਮਈ ਮਹੀਨੇ ਵਿੱਚ 80.8 ਮਿਲੀਅਨ ਅਮਰੀਕੀ ਡਾਲਰ ਦਾ ਫੰਡ ਇਕੱਤਰ ਕਰ ਲੈਣ ਦਾ ਐਲਾਨ ਕੀਤਾ ਸੀ। ਉਧਰ ਓਬਾਮਾ ਨੇ ਅਗਾਮੀ ਰਾਸ਼ਟਰਪਤੀ ਚੋਣਾਂ ਨੂੰ ਜ਼ਿੰਦਗੀ ਦੀਆਂ ਸਭ ਤੋਂ ਅਹਿਮ ਚੋਣਾਂ ਦੱਸਿਆ ਹੈ। ਸਾਬਕਾ ਰਾਸ਼ਟਰਪਤੀ ਨੇ ਅਪਰੈਲ ਵਿੱਚ ਅਧਿਕਾਰਤ ਤੌਰ ’ਤੇ ਬਿਡੇਨ ਦੇ ਨਾਂ ਦੀ ਚੋਣਾਂ ਲਈ ਤਾਈਦ ਕੀਤੀ ਸੀ। -ਪੀਟੀਆਈ